ਅੰਮ੍ਰਿਤਸਰ, 8 ਅਗਸਤ (ਭੁੱਲਰ ਦੇਵੀਦਾਸਪੁਰੀਆ): ਸੇਵਾ ਮੁਕਤ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨਿਰਮਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਸੇਵਾ ਮੁਕਤ ਪਟਵਾਰੀਆਂ, ਕਾਨੂੰਗੋਆਂ, ਨਾਇਬ ਤਹਿਸੀਲਦਾਰਾਂ ਅਤੇ ਹੋਰ ਸਾਥੀਆਂ ਨੇ 7 ਅਗਸਤ ਨੂੰ ਹੋਈ ਮਹਾਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਕੁਲਵੰਤ ਸਿੰਘ ਡੇਹਰੀਵਾਲ, ਲਖਵਿੰਦਰ ਸਿੰਘ ਕੋਹਾਲੀ, ਮੇਜਰ ਸਿੰਘ ਭੋਮਾ, ਹਰਮਿੰਦਰ ਸਿੰਘ, ਤਰਸੇਮ ਸਿੰਘ ਫੱਤੂਭੀਲਾ, ਸੁਖਵਿੰਦਰ ਸਿੰਘ ਸਾਬੀ, ਪਲਵਿੰਦਰ ਸਿੰਘ, ਹਰਦੇਵ ਸਿੰਘ ਭੋਮਾ, ਰਵਿੰਦਰ ਕੁਮਾਰ ਰਵੀ, ਜਗਜੀਤ ਸਿੰਘ ਬਾਬਾ, ਜੋਗਿੰਦਰ ਸਿੰਘ, ਚਰਨਜੀਤ ਸਿੰਘ, ਜੋਗਿੰਦਰਪਾਲ ਪਾਂਡੇ, ਵਿੱਪਨ ਕੁਮਾਰ, ਸਵਿੰਦਰਜੀਤ ਸਿੰਘ ਦੌਸਾਝ, ਗੁਰਜੀਤ ਸਿੰਘ, ਸੁਸ਼ੀਲ ਹਾਂਡਾ, ਰੇਸ਼ਮ ਸਿੰਘ, ਕੁਲਦੀਪ ਸਿੰਘ, ਸੁੱਖਦੇਵ ਸਿੰਘ ਮਜੀਠਾ, ਆਤਮਾ ਸਿੰਘ, ਮਹਿੰਦਰ ਸਿੰਘ ਪੱਟੀ ਅਤੇ ਹੋਰ ਸਾਥੀਆਂ ਨੇ ਸ਼ਿਰਕਤ ਕੀਤੀ।
ਨਿਰਮਲਜੀਤ ਸਿੰਘ ਬਾਜਵਾ ਨੇ ਮਹਾਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਵਾਲੇ ਪੰਜਾਬ ਭਰ ਦੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਪੰਜਾਬ ਦੇ ਝੰਡੇ ਹੇਠ 7 ਅਗਸਤ ਨੂੰ ਹੋਈ ਮਹਾਰੈਲੀ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਆਪਣਾ ਰੋਸ ਪ੍ਰਗਟ ਕੀਤਾ।
ਉਨ੍ਹਾਂ ਵਿਦੇਸ਼ਾਂ ਵਿੱਚ ਰਹਿੰਦੇ ਸੇਵਾ ਮੁਕਤ ਸਾਥੀਆਂ ਦਾ ਵੀ ਧੰਨਵਾਦ ਕੀਤਾ, ਜੋ ਸਰੀਰਕ ਤੌਰ ’ਤੇ ਮਹਾਰੈਲੀ ਵਿੱਚ ਸ਼ਾਮਲ ਨਹੀਂ ਹੋ ਸਕੇ, ਪਰ ਉਨ੍ਹਾਂ ਨੇ ਜੱਥੇਬੰਦੀ ਨੂੰ ਹੌਸਲਾ ਦੇਣ ਦੇ ਨਾਲ-ਨਾਲ ਫੰਡ ਵੀ ਭੇਜਿਆ।
ਬਾਜਵਾ ਨੇ ਕਿਹਾ ਕਿ ਸਾਲ 1947 ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਮੁਲਾਜ਼ਮਾਂ ਦੀਆਂ ਵੱਡੀਆਂ ਮਹਾਰੈਲੀਆਂ ਵਿੱਚੋਂ ਇੱਕ ਰਹੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਅਤੇ ਲਾਠੀਚਾਰਜ ਦੀ ਪਰਵਾਹ ਕੀਤੇ ਬਿਨਾਂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਆਪਣਾ ਰੋਸ ਜ਼ਾਹਰ ਕੀਤਾ।
ਉਨ੍ਹਾਂ ਸਾਥੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਏਕਤਾ ਨੂੰ ਮਜ਼ਬੂਤ ਕਰਦਿਆਂ ਨਿੱਜੀ ਮੱਤਭੇਦਾਂ ਨੂੰ ਪਿੱਛੇ ਛੱਡ ਕੇ ਜੱਥੇਬੰਦੀ ਦੇ ਹੱਕਾਂ ਲਈ ਇਕਜੁੱਟ ਹੋ ਕੇ ਲਾਮਬੰਦ ਹੋਣ। ਉਨ੍ਹਾਂ ਕਿਹਾ ਕਿ ਜੱਥੇਬੰਦਕ ਆਗੂਆਂ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ, ਉਸ ਨੂੰ ਮਿਲਜੁਲ ਕੇ ਲਾਗੂ ਕਰਨ ਲਈ ਸਾਰੇ ਸਾਥੀਆਂ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਅੰਤ ਵਿੱਚ ਨਿਰਮਲਜੀਤ ਸਿੰਘ ਬਾਜਵਾ ਨੇ ਮਹਾਰੈਲੀ ਨੂੰ ਸਫਲ ਬਣਾਉਣ ਲਈ ਪੰਜਾਬ ਭਰ ਤੋਂ ਪਹੁੰਚੇ ਸਾਰੇ ਸਾਥੀਆਂ ਦਾ ਮੁੜ ਧੰਨਵਾਦ ਕੀਤਾ।
















