50 ਕਿਸਮਾਂ ਦੇ 670 ਬੂਟੇ ਲਗਾਏ
ਗੋਇੰਦਵਾਲ ਸਾਹਿਬ 7 ਅਗਸਤ : ( ਇਕਬਾਲ ਸਿੰਘ ਆਹਲੂਵਾਲੀਆ, ਨਵਜੀਤ ਸੋਨੂੰ)-
ਵਾਤਾਵਰਨ ਦੀ ਸੰਭਾਲ ਅਤੇ ਹਰਿਆਵਲ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਦੀ ਰਹਿਨੁਮਾਈ ਹੇਠ 376ਵਾਂ ਗੁਰੂ ਨਾਨਕ ਯਾਦਗਾਰੀ ਜੰਗਲ ਸਥਾਪਿਤ ਕੀਤਾ ਗਿਆ। ਇਸ ਮੌਕੇ 50 ਕਿਸਮਾਂ ਦੇ ਕੁੱਲ 670 ਬੂਟੇ ਲਗਾਏ ਗਏ, ਜਿਨ੍ਹਾਂ ਵਿੱਚ ਫਲਦਾਰ, ਫੁੱਲਦਾਰ, ਛਾਂਦਾਰ ਅਤੇ ਔਸ਼ਧੀ ਗੁਣਾਂ ਵਾਲੇ ਬੂਟੇ ਸ਼ਾਮਿਲ ਹਨ।
ਇਸ ਵਿਸ਼ੇਸ਼ ਉਪਰਾਲੇ ਵਿੱਚ ਉਪ ਮੰਡਲ ਮੈਜਿਸਟਰੇਟ ਖਡੂਰ ਸਾਹਿਬ ਸੰਜੀਵ ਸ਼ਰਮਾ, ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ, ਖੇਤੀਬਾੜੀ ਵਿਭਾਗ ਦੇ ਡਾ. ਯਾਦਵਿੰਦਰ ਸਿੰਘ, ਜੇਲ੍ਹ ਸਟਾਫ਼ ਦੇ ਜਤਿੰਦਰਪਾਲ ਸਿੰਘ, ਗੁਰਜੰਟ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
ਕਾਰ ਸੇਵਾ ਖਡੂਰ ਸਾਹਿਬ ਵੱਲੋਂ ਬਾਬਾ ਕੁਲਦੀਪ ਸਿੰਘ ਆਪਣੀ ਟੀਮ ਸਮੇਤ ਜੰਗਲ ਦੀ ਸਥਾਪਨਾ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਰੁੱਖ ਲਗਾਉਣ ਦੇ ਕਾਰਜ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਰੁੱਖ ਮਨੁੱਖਤਾ ਲਈ ਕੁਦਰਤ ਦਾ ਅਨਮੋਲ ਤੋਹਫ਼ਾ ਹਨ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਵਾਤਾਵਰਨ ਦੀ ਸੰਭਾਲ ਹਰ ਵਿਅਕਤੀ ਦਾ ਫ਼ਰਜ਼ ਹੈ। ਉਨ੍ਹਾਂ ਨੇ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਕਰਨ ਦਾ ਵੀ ਸੱਦਾ ਦਿੱਤਾ।
ਇਸ ਜੰਗਲ ਦੀ ਸਥਾਪਨਾ ਵਿੱਚ ਡਾ. ਯਾਦਵਿੰਦਰ ਸਿੰਘ, ਖੇਤੀਬਾੜੀ ਵਿਭਾਗ ਦਾ ਵਿਸ਼ੇਸ਼ ਯੋਗਦਾਨ ਰਿਹਾ, ਜਿਨ੍ਹਾਂ ਵੱਲੋਂ ਬੂਟਿਆਂ ਦੀ ਚੋਣ, ਯੋਜਨਾਬੰਦੀ ਅਤੇ ਜੰਗਲ ਦੀ ਵਿਗਿਆਨਕ ਢੰਗ ਨਾਲ ਸਥਾਪਨਾ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਗਈ।
















