ਅੰਮ੍ਰਿਤਸਰ, 2 ਅਗਸਤ (ਕੇ. ਐਲ. ਜੀਤ ਵਾਲੀਆ)- ਰਾਈਸ ਮਿਲਰ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਲਵਾਨ ਨੇ ਪੰਜਾਬ ਦੀ ਰਾਈਸ ਇੰਡਸਟਰੀ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਵੱਲ ਸਰਕਾਰਾਂ ਦਾ ਧਿਆਨ ਖਿੱਚਦਿਆਂ ਕਿਹਾ ਕਿ ਪੰਜਾਬ ਦੇ ਗੋਦਾਮਾਂ ਵਿੱਚ ਪਰਮਲ ਦੇ ਚਾਵਲ ਦਾ ਵੱਡੀ ਮਾਤਰਾ ਵਿੱਚ ਸਟਾਕ ਪਿਆ ਹੋਇਆ ਹੈ। ਪਿਛਲੇ ਡੇਢ ਤੋਂ ਦੋ ਮਹੀਨਿਆਂ ਤੋਂ ਪੰਜਾਬ ਦੀਆਂ ਐਥਨੌਲ ਫੈਕਟਰੀਆਂ ਨੂੰ ਚਾਵਲ ਦੀ ਸਪਲਾਈ ਬੰਦ ਹੋਣ ਕਾਰਨ ਗੋਦਾਮਾਂ ਵਿੱਚ ਸਟੋਰੇਜ ਦੀ ਭਾਰੀ ਕਮੀ ਪੈਦਾ ਹੋ ਗਈ ਹੈ, ਜਿਸ ਨਾਲ ਪੂਰੀ ਰਾਈਸ ਇੰਡਸਟਰੀ ਚਿੰਤਾ ਵਿੱਚ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਜਿੰਦਰ ਸਲਵਾਨ ਨੇ ਕਿਹਾ ਕਿ ਝੋਨੇ ਦੀ ਨਵੀਂ ਫਸਲ ਦੀ ਆਮਦ ਦਾ ਸਮਾਂ ਨੇੜੇ ਹੈ, ਪਰ ਪਹਿਲਾਂ ਤੋਂ ਹੀ ਗੋਦਾਮ ਪਰਮਲ ਦੇ ਚਾਵਲ ਨਾਲ ਭਰੇ ਹੋਏ ਹਨ। ਜੇਕਰ ਸਮੇਂ ਸਿਰ ਇਸ ਸਟਾਕ ਦੀ ਨਿਕਾਸੀ ਨਾ ਹੋਈ ਤਾਂ ਨਵੀਂ ਫਸਲ ਦੀ ਖਰੀਦ, ਸਟੋਰੇਜ ਅਤੇ ਮਿੱਲਿੰਗ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ, ਜਿਸ ਦਾ ਨੁਕਸਾਨ ਸਿਰਫ਼ ਰਾਈਸ ਮਿਲਰਾਂ ਨੂੰ ਹੀ ਨਹੀਂ, ਸਗੋਂ ਕਿਸਾਨਾਂ ਨੂੰ ਵੀ ਝੱਲਣਾ ਪਵੇਗਾ।
ਉਨ੍ਹਾਂ ਕਿਹਾ ਕਿ ਪਰਮਲ ਦੇ ਚਾਵਲ ਦੀ ਵਰਤੋਂ ਐਥਨੌਲ ਉਤਪਾਦਨ ਵਿੱਚ ਕੀਤੀ ਜਾ ਰਹੀ ਸੀ, ਜਿਸ ਨਾਲ ਗੋਦਾਮਾਂ ਵਿੱਚ ਪਿਆ ਵਾਧੂ ਸਟਾਕ ਲਗਾਤਾਰ ਘਟਦਾ ਰਹਿੰਦਾ ਸੀ। ਪਰ ਪਿਛਲੇ ਕੁਝ ਸਮੇਂ ਤੋਂ ਇਹ ਸਪਲਾਈ ਰੁਕਣ ਕਾਰਨ ਸਟੋਰੇਜ ਪ੍ਰਬੰਧ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ ਅਤੇ ਰਾਈਸ ਇੰਡਸਟਰੀ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਜਿੰਦਰ ਸਲਵਾਨ ਨੇ ਕਿਹਾ ਕਿ ਰਾਈਸ ਇੰਡਸਟਰੀ ਪੰਜਾਬ ਦੀ ਆਰਥਿਕਤਾ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਇਸ ਨਾਲ ਲੱਖਾਂ ਕਿਸਾਨ, ਮਜ਼ਦੂਰ, ਟਰਾਂਸਪੋਰਟਰ ਅਤੇ ਹੋਰ ਕਾਰੋਬਾਰ ਜੁੜੇ ਹੋਏ ਹਨ। ਇਸ ਲਈ ਇਸ ਮੁੱਦੇ ਨੂੰ ਕਿਸੇ ਵੀ ਪ੍ਰਸ਼ਾਸਕੀ ਜਾਂ ਨੀਤੀਗਤ ਦੇਰੀ ਕਾਰਨ ਹੋਰ ਗੰਭੀਰ ਨਹੀਂ ਬਣਨ ਦੇਣਾ ਚਾਹੀਦਾ।
ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਆਪਸੀ ਮਸਲਿਆਂ ਜਾਂ ਰਾਜਨੀਤਿਕ ਖਿੱਚਤਾਣ ਤੋਂ ਉੱਪਰ ਉੱਠ ਕੇ ਰਾਈਸ ਇੰਡਸਟਰੀ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾਵੇ। ਜੇਕਰ ਪਰਮਲ ਦੇ ਚਾਵਲ ਦੀ ਖਪਤ ਐਥਨੌਲ ਉਤਪਾਦਨ ਵਿੱਚ ਸੰਭਵ ਹੈ ਤਾਂ ਇਸ ਨੂੰ ਤੁਰੰਤ ਮੁੜ ਸ਼ੁਰੂ ਕੀਤਾ ਜਾਵੇ, ਤਾਂ ਜੋ ਗੋਦਾਮਾਂ ‘ਤੇ ਵੱਧ ਰਹੇ ਦਬਾਅ ਨੂੰ ਘਟਾਇਆ ਜਾ ਸਕੇ, ਨਵੀਂ ਫਸਲ ਦੀ ਖਰੀਦ ਸੁਚਾਰੂ ਢੰਗ ਨਾਲ ਹੋ ਸਕੇ, ਰਾਈਸ ਇੰਡਸਟਰੀ ਨੂੰ ਰਾਹਤ ਮਿਲੇ ਅਤੇ ਕਿਸਾਨਾਂ ਦੇ ਆਰਥਿਕ ਹਿੱਤ ਵੀ ਪੂਰੀ ਤਰ੍ਹਾਂ ਸੁਰੱਖਿਅਤ ਰਹਿਣ।
ਅੰਤ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਇਸ ਮੁੱਦੇ ਦਾ ਸਮੇਂ ਸਿਰ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਝੋਨਾ ਸੀਜ਼ਨ ਦੌਰਾਨ ਸਟੋਰੇਜ ਸੰਕਟ ਹੋਰ ਵੀ ਗੰਭੀਰ ਰੂਪ ਧਾਰ ਸਕਦਾ ਹੈ, ਜਿਸ ਦੇ ਦੂਰਗਾਮੀ ਪ੍ਰਭਾਵ ਪੰਜਾਬ ਦੀ ਖੇਤੀ ਅਤੇ ਰਾਈਸ ਉਦਯੋਗ ਦੋਵਾਂ ‘ਤੇ ਪੈ ਸਕਦੇ ਹਨ।
















