ਗਿਆਨ, ਨਿਮਰਤਾ ਅਤੇ ਦੂਰਦ੍ਰਿਸ਼ਟੀ ਨਾਲ ਸਰੋਤਿਆਂ ਦਾ ਦਿਲ ਜਿੱਤਿਆ, ਪੰਜਾਬੀ ਭਾਸ਼ਾ ਦੇ ਰੌਸ਼ਨ ਭਵਿੱਖ ’ਤੇ ਪ੍ਰਗਟਾਇਆ ਭਰੋਸਾ
ਬਰੇਂਪਟਨ, 27 ਜੁਲਾਈ (ਜੋਬਨਪ੍ਰੀਤ ਸਿੰਘ ਵਾਲੀਆ):
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਫਾਊਂਡਰ ਰਮਿੰਦਰ ਰੰਮੀ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਪ੍ਰਸਿੱਧ ਲੜੀ “ਸਿਰਜਣਾ ਦੇ ਆਰ-ਪਾਰ” ਦੇ 55ਵੇਂ ਐਡੀਸ਼ਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨਾਲ ਇੱਕ ਵਿਸ਼ੇਸ਼ ਅਤੇ ਪ੍ਰੇਰਣਾਦਾਇਕ ਰੂਬਰੂ ਕਰਵਾਇਆ ਗਿਆ। ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਕੁਲਜੀਤ ਕੌਰ ਨੇ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਕੀਤਾ।
ਆਪਣੇ ਜੀਵਨ ਸਫ਼ਰ ਦੌਰਾਨ ਡਾ. ਕਰਮਜੀਤ ਸਿੰਘ ਨੇ ਬਚਪਨ ਤੋਂ ਲੈ ਕੇ ਵਾਈਸ ਚਾਂਸਲਰ ਬਣਨ ਤੱਕ ਦੇ ਸੰਘਰਸ਼, ਮਿਹਨਤ ਅਤੇ ਪ੍ਰਾਪਤੀਆਂ ਨੂੰ ਸਾਦਗੀ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪਰਿਵਾਰਕ ਸੰਸਕਾਰ, ਗੁਰਬਾਣੀ ਨਾਲ ਜੁੜਾਅ, ਨਿਰੰਤਰ ਮਿਹਨਤ ਅਤੇ ਆਸ਼ਾਵਾਦੀ ਸੋਚ ਹੀ ਜੀਵਨ ਦੀ ਅਸਲ ਤਾਕਤ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਜੀਵਨ ਵਿੱਚ ਆਤਮ-ਵਿਸ਼ਵਾਸ ਦੀ ਘਾਟ ਨੂੰ ਵੀ ਉਨ੍ਹਾਂ ਨੇ ਆਪਣੇ ਅਧਿਆਪਕਾਂ ਦੀ ਪ੍ਰੇਰਨਾ ਅਤੇ ਲਗਾਤਾਰ ਮਿਹਨਤ ਨਾਲ ਦੂਰ ਕੀਤਾ।
ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਇੱਕ ਸਫ਼ਲ ਪ੍ਰਬੰਧਕ ਲਈ ਹਰ ਵਿਅਕਤੀ ਦੀ ਗੱਲ ਧੀਰਜ ਨਾਲ ਸੁਣਨਾ, ਨਿਰਪੱਖਤਾ ਨਾਲ ਫੈਸਲੇ ਲੈਣਾ ਅਤੇ ਲਗਾਤਾਰ ਸਿੱਖਦੇ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਿੱਖੀ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਦਾ ਆਧਾਰ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਹਰ ਲਿਖਤ ਮਨੁੱਖਤਾ ਨੂੰ ਸਹੀ ਦਿਸ਼ਾ ਦੇਣ ਦਾ ਇੱਕ ਨਿਮਾਣਾ ਯਤਨ ਹੈ।
ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸ ਰਹੀ ਤੀਜੀ ਪੀੜ੍ਹੀ ਲਈ ਵਿਸ਼ੇਸ਼ ਪੰਜਾਬੀ ਕੋਰਸ ਤਿਆਰ ਕੀਤੇ ਜਾ ਰਹੇ ਹਨ ਅਤੇ ਵਿਗਿਆਨ ਸਮੇਤ ਹੋਰ ਵਿਸ਼ਿਆਂ ਨੂੰ ਪੰਜਾਬੀ ਵਿੱਚ ਉਪਲਬਧ ਕਰਵਾਉਣ ਲਈ ਯੂਨੀਵਰਸਿਟੀ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਪੰਜਾਬੀ ਭਾਸ਼ਾ ਦਾ ਭਵਿੱਖ ਬਹੁਤ ਹੀ ਉਜਲਾ ਹੈ।
ਇਸ ਮੌਕੇ ਡਾ. ਬਲਜੀਤ ਕੌਰ ਰਿਆੜ, ਡਾ. ਮਨਜਿੰਦਰ ਸਿੰਘ, ਡਾ. ਨਵਜੋਤ (ਓ.ਐਸ.ਡੀ.), ਸ. ਅਜੈਬ ਸਿੰਘ ਚੱਠਾ ਅਤੇ ਹੋਰ ਬੁਲਾਰਿਆਂ ਨੇ ਡਾ. ਕਰਮਜੀਤ ਸਿੰਘ ਦੀ ਦੂਰਅੰਦੇਸ਼ ਅਗਵਾਈ, ਵਿਦਵਤਾ ਅਤੇ ਪੰਜਾਬੀ ਭਾਸ਼ਾ ਤੇ ਸਿੱਖਿਆ ਖੇਤਰ ਵਿੱਚ ਪਾਏ ਯੋਗਦਾਨ ਦੀ ਭਰਪੂਰ ਸਰਾਹਨਾ ਕੀਤੀ।
ਪ੍ਰੋਗਰਾਮ ਦੌਰਾਨ ਜੁਲਾਈ ਮਹੀਨੇ ਦਾ ਈ-ਮੈਗਜ਼ੀਨ ਵੀ ਲੋਕ ਅਰਪਿਤ ਕੀਤਾ ਗਿਆ। ਸਮਾਪਤੀ ਸਮੇਂ ਸਭਾ ਦੇ ਚੇਅਰਮੈਨ ਸ. ਪਿਆਰਾ ਸਿੰਘ ਕੁੱਦੋਵਾਲ ਨੇ ਕਿਹਾ ਕਿ ਡਾ. ਕਰਮਜੀਤ ਸਿੰਘ ਦਾ ਜੀਵਨ ਸਫ਼ਰ ਹਰ ਨੌਜਵਾਨ ਲਈ ਪ੍ਰੇਰਣਾ ਦਾ ਸਰੋਤ ਹੈ, ਜੋ ਇਹ ਸਿਖਾਉਂਦਾ ਹੈ ਕਿ ਦ੍ਰਿੜ੍ਹ ਇਰਾਦੇ ਅਤੇ ਮਿਹਨਤ ਨਾਲ ਹਰ ਮੁਸ਼ਕਲ ਨੂੰ ਮੌਕੇ ਵਿੱਚ ਬਦਲਿਆ ਜਾ ਸਕਦਾ ਹੈ।
ਅੰਤ ਵਿੱਚ ਰਮਿੰਦਰ ਰੰਮੀ ਨੇ ਡਾ. ਕਰਮਜੀਤ ਸਿੰਘ, ਪ੍ਰੋ. ਕੁਲਜੀਤ ਕੌਰ ਅਤੇ ਦੇਸ਼-ਵਿਦੇਸ਼ ਤੋਂ ਫੇਸਬੁੱਕ ਅਤੇ ਜ਼ੂਮ ਰਾਹੀਂ ਜੁੜੇ ਸਾਰੇ ਸਾਹਿਤ-ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ “ਸਿਰਜਣਾ ਦੇ ਆਰ-ਪਾਰ” ਲੜੀ ਵਿਸ਼ਵ ਭਰ ਦੇ ਪੰਜਾਬੀ ਸਾਹਿਤਕ ਪਰਿਵਾਰ ਨੂੰ ਇੱਕ ਮੰਚ ’ਤੇ ਜੋੜਨ ਦਾ ਮਹੱਤਵਪੂਰਨ ਉਪਰਾਲਾ ਬਣ ਚੁੱਕੀ ਹੈ। ਇਸ ਮੌਕੇ ਦੇਸ਼-ਵਿਦੇਸ਼ ਦੇ ਅਨੇਕਾਂ ਵਿਦਵਾਨਾਂ ਅਤੇ ਸਾਹਿਤਕਾਰਾਂ ਨੇ ਹਾਜ਼ਰੀ ਲਗਾ ਕੇ ਪ੍ਰੋਗਰਾਮ ਨੂੰ ਯਾਦਗਾਰ ਬਣਾਇਆ।
















