ਅੰਮ੍ਰਿਤਸਰ, 29 ਜੁਲਾਈ (ਉੱਪਲ): ਰੇਲ ਯਾਤਰੀਆਂ ਦੀ ਸਹੂਲਤ ਅਤੇ ਡਿਜੀਟਲ ਟਿਕਟਿੰਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਫਿਰੋਜ਼ਪੁਰ ਮੰਡਲ ਵੱਲੋਂ ਅੰਮ੍ਰਿਤਸਰ ਅਤੇ ਜਲੰਧਰ ਸਿਟੀ ਰੇਲਵੇ ਸਟੇਸ਼ਨਾਂ ’ਤੇ ‘ਰੇਲ ਵਨ ਐਪ’ ਰਾਹੀਂ ਟਿਕਟ ਖਰੀਦਣ ਸਬੰਧੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਇਹ ਮੁਹਿੰਮ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਅਤੇ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਬਸੰਤ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਯੋਜਿਤ ਕੀਤੀ ਗਈ।
ਮੁਹਿੰਮ ਦੌਰਾਨ ਸਟੇਸ਼ਨ ਪਰਿਸਰ ਵਿੱਚ ਬੈਨਰ ਅਤੇ ਸਟੈਂਡੀ ਲਗਾ ਕੇ ਯਾਤਰੀਆਂ ਨੂੰ ‘ਰੇਲ ਵਨ ਐਪ’ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਦੋਵਾਂ ਸਟੇਸ਼ਨਾਂ ’ਤੇ 100 ਤੋਂ ਵੱਧ ਯਾਤਰੀਆਂ ਦੇ ਮੋਬਾਈਲ ਫੋਨਾਂ ਵਿੱਚ ਐਪ ਇੰਸਟਾਲ ਕਰਵਾਇਆ ਗਿਆ। ਯਾਤਰੀਆਂ ਨੂੰ ਦੱਸਿਆ ਗਿਆ ਕਿ ਐਪ ਰਾਹੀਂ ਅਨਾਰੱਖਿਅਤ ਟਿਕਟ ਖਰੀਦਣ ’ਤੇ 3 ਫੀਸਦੀ ਦੀ ਛੋਟ ਮਿਲਦੀ ਹੈ।
ਇਸ ਤੋਂ ਇਲਾਵਾ ਟਿਕਟ ਕਾਊਂਟਰਾਂ ’ਤੇ ਲੰਬੀਆਂ ਕਤਾਰਾਂ ਤੋਂ ਬਚਾਅ, ਆਨਲਾਈਨ ਭੁਗਤਾਨ ਅਤੇ ਖੁੱਲ੍ਹੇ ਪੈਸਿਆਂ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।
ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਬਸੰਤ ਕੁਮਾਰ ਨੇ ਕਿਹਾ ਕਿ ਫਿਰੋਜ਼ਪੁਰ ਮੰਡਲ ਦਾ ਉਦੇਸ਼ ਡਿਜੀਟਲ ਸੇਵਾਵਾਂ ਰਾਹੀਂ ਯਾਤਰੀਆਂ ਨੂੰ ਸੌਖੀਆਂ, ਸੁਵਿਧਾਜਨਕ ਅਤੇ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ‘ਰੇਲ ਵਨ ਐਪ’ ਇਸ ਦਿਸ਼ਾ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਡਿਜੀਟਲ ਟਿਕਟਿੰਗ ਨੂੰ ਉਤਸ਼ਾਹਿਤ ਕਰਨਾ ਵਾਤਾਵਰਣ ਸੰਭਾਲ ਵੱਲ ਵੀ ਇੱਕ ਸ਼ਲਾਘਾਯੋਗ ਕਦਮ ਹੈ।
















