ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਯੁਵਾ ਸ਼ਕਤੀ ਦੀ ਇਤਿਹਾਸਕ ਜਿੱਤ
ਅੰਮ੍ਰਿਤਸਰ , 25 ਜੁਲਾਈ ( ਕੇ.ਐਲ. ਜੀਤ ਵਾਲੀਆ ) – ਆਮ ਆਦਮੀ ਪਾਰਟੀ ਲੀਗਲ ਵਿੰਗ ਮਾਝਾ ਜੋਨ ਦੇ ਚੇਅਰਮੈਨ ਅਤੇ ਬਾਰ ਐਸੋਸੀਏਸ਼ਨ ਅਜਨਾਲਾ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਜਰ ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਦੇਸ਼ ਦੇ ਕਰੋੜਾਂ ਨੌਜਵਾਨਾਂ ਅਤੇ Gen Z ਦੀ ਇਤਿਹਾਸਕ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਇਹ ਲੋਕਤੰਤਰ ਵਿੱਚ ਨੌਜਵਾਨ ਸ਼ਕਤੀ ਦੀ ਵਧਦੀ ਤਾਕਤ ਅਤੇ ਜਾਗਰੂਕਤਾ ਦਾ ਪ੍ਰਤੀਕ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਨਿੱਜਰ ਨੇ ਕਿਹਾ ਕਿ ਇਹ ਸਿਰਫ਼ ਇੱਕ ਕੇਂਦਰੀ ਮੰਤਰੀ ਦਾ ਅਸਤੀਫ਼ਾ ਨਹੀਂ, ਸਗੋਂ ਉਨ੍ਹਾਂ ਲੱਖਾਂ-ਕਰੋੜਾਂ ਹੋਣਹਾਰ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਲੰਮੇ ਸੰਘਰਸ਼ ਦੀ ਜਿੱਤ ਹੈ, ਜਿਨ੍ਹਾਂ ਦੇ ਭਵਿੱਖ ਨਾਲ ਪੇਪਰ ਲੀਕ ਵਰਗੀਆਂ ਘਟਨਾਵਾਂ ਕਾਰਨ ਖਿਲਵਾੜ ਹੋਇਆ। ਉਨ੍ਹਾਂ ਕਿਹਾ ਕਿ ਅਨੇਕਾਂ ਨੌਜਵਾਨਾਂ ਨੇ ਸਾਲਾਂ ਦੀ ਮਿਹਨਤ ਨਾਲ ਪ੍ਰੀਖਿਆਵਾਂ ਦੀ ਤਿਆਰੀ ਕੀਤੀ, ਪਰ ਪੇਪਰ ਲੀਕ ਦੀਆਂ ਘਟਨਾਵਾਂ ਨੇ ਉਨ੍ਹਾਂ ਦੇ ਸੁਪਨਿਆਂ ਅਤੇ ਭਵਿੱਖ ਨੂੰ ਵੱਡਾ ਝਟਕਾ ਦਿੱਤਾ।
ਉਨ੍ਹਾਂ ਕਿਹਾ ਕਿ ਦੇਸ਼ ਦਾ ਨੌਜਵਾਨ ਵਰਗ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਜਾਗਰੂਕ, ਸੰਗਠਿਤ ਅਤੇ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋ ਚੁੱਕਾ ਹੈ। ਜਦੋਂ ਵੀ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਉਹ ਲੋਕਤੰਤਰੀ ਢੰਗ ਨਾਲ ਉਸ ਦਾ ਡਟ ਕੇ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਏਕਤਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜਦੋਂ ਆਵਾਜ਼ ਇੱਕਜੁੱਟ ਹੋ ਕੇ ਉੱਠਦੀ ਹੈ ਤਾਂ ਵੱਡੀਆਂ ਤੋਂ ਵੱਡੀਆਂ ਸਰਕਾਰਾਂ ਨੂੰ ਵੀ ਲੋਕਾਂ ਦੀ ਭਾਵਨਾ ਦਾ ਸਤਿਕਾਰ ਕਰਨਾ ਪੈਂਦਾ ਹੈ।
ਐਡਵੋਕੇਟ ਨਿੱਜਰ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਨੂੰ ਨੌਜਵਾਨਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰਣਾਲੀ ਨੂੰ ਪਾਰਦਰਸ਼ੀ, ਭਰੋਸੇਯੋਗ ਅਤੇ ਭ੍ਰਿਸ਼ਟਾਚਾਰ-ਮੁਕਤ ਬਣਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ, ਤਾਂ ਜੋ ਕਿਸੇ ਵੀ ਵਿਦਿਆਰਥੀ ਨੂੰ ਆਪਣੀ ਮਿਹਨਤ ਦਾ ਨੁਕਸਾਨ ਨਾ ਝੱਲਣਾ ਪਵੇ।
ਉਨ੍ਹਾਂ ਦੇਸ਼ ਭਰ ਦੇ ਵਿਦਿਆਰਥੀਆਂ, ਨੌਜਵਾਨਾਂ, Gen Z ਸਾਥੀਆਂ ਅਤੇ ਇਸ ਸੰਘਰਸ਼ ਨਾਲ ਜੁੜੇ ਹਰ ਵਿਅਕਤੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਹਰ ਉਸ ਨੌਜਵਾਨ ਦੀ ਹੈ ਜਿਸ ਨੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਹੱਥਾਂ ਵਿੱਚ ਸੁਰੱਖਿਅਤ ਹੈ ਅਤੇ ਸੱਚ, ਇਨਸਾਫ਼ ਅਤੇ ਲੋਕਤੰਤਰ ਦੀ ਲੜਾਈ ਵਿੱਚ ਅੰਤਿਮ ਜਿੱਤ ਹਮੇਸ਼ਾ ਲੋਕਾਂ ਦੀ ਹੀ ਹੁੰਦੀ ਹੈ।
ਐਡਵੋਕੇਟ ਹਰਪਾਲ ਸਿੰਘ ਨਿੱਜਰ ਨੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਸਿੱਖਿਆ ਅਤੇ ਭਰਤੀ ਪ੍ਰੀਖਿਆਵਾਂ ਨੂੰ ਪੂਰੀ ਤਰ੍ਹਾਂ ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣਗੇ, ਤਾਂ ਜੋ ਹਰ ਨੌਜਵਾਨ ਨੂੰ ਆਪਣੀ ਯੋਗਤਾ ਦੇ ਆਧਾਰ ‘ਤੇ ਅੱਗੇ ਵਧਣ ਦਾ ਬਰਾਬਰ ਮੌਕਾ ਮਿਲ ਸਕੇ।
















