ਅੰਮ੍ਰਿਤਸਰ, 24 ਜੁਲਾਈ (ਕੇ.ਐਲ. ਜੀਤ ਵਾਲੀਆ) – ਹਲਕਾ ਦੱਖਣੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਬਿੱਲਾ ਵੱਲੋਂ ਵਾਰਡ ਨੰਬਰ 41 ਦੇ ਆਬਾਦੀ ਜਸਪਾਲ ਨਗਰ ਵਿਖੇ ਕਰਵਾਈ ਗਈ ਲੋਕ ਮਿਲਣੀ ਉਸ ਵੇਲੇ ਇਤਿਹਾਸਕ ਬਣ ਗਈ ਜਦੋਂ ਇਸ ਨੇ ਇੱਕ ਵਿਸ਼ਾਲ ਜਨ ਸਭਾ ਦਾ ਰੂਪ ਧਾਰ ਲਿਆ। ਇਲਾਕਾ ਨਿਵਾਸੀਆਂ ਅਤੇ ਵੱਖ-ਵੱਖ ਭਾਈਚਾਰਿਆਂ ਦੀ ਭਾਰੀ ਸ਼ਮੂਲੀਅਤ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਬਲਵਿੰਦਰ ਸਿੰਘ ਬਿੱਲਾ ਵੱਲੋਂ ਕਰਵਾਈ ਗਈ ਇਸ ਵਿਸ਼ਾਲ ਲੋਕ ਮਿਲਣੀ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਆਪਣੇ ਮਿਹਨਤੀ ਅਤੇ ਸਮਰਪਿਤ ਵਰਕਰਾਂ ਦਾ ਹਮੇਸ਼ਾ ਸਨਮਾਨ ਕਰਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਵਰਕਰਾਂ ਨੂੰ ਬਣਦਾ ਮਾਣ-ਸਨਮਾਨ ਜ਼ਰੂਰ ਦਿੱਤਾ ਜਾਵੇਗਾ।
ਵਿਧਾਇਕ ਨਿੱਝਰ ਨੇ ਕਿਹਾ ਕਿ ਵਾਰਡ ਨੰਬਰ 41 ਵਿੱਚ ਵਿਕਾਸ ਕਾਰਜ ਜੰਗੀ ਪੱਧਰ ‘ਤੇ ਕਰਵਾਏ ਜਾਣਗੇ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਮਿਲਣੀ ਵਿੱਚ ਉਮੜਿਆ ਭਾਰੀ ਇਕੱਠ ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ‘ਤੇ ਲੋਕਾਂ ਦੀ ਮੋਹਰ ਹੈ।
ਸਮਾਗਮ ਦੌਰਾਨ ਸਵਰਨਕਾਰ, ਰਾਜਪੂਤ, ਰਾਮਗੜੀਆ, ਐਸ.ਸੀ. ਭਾਈਚਾਰੇ ਅਤੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਸ਼ਿਰਕਤ ਕਰਦਿਆਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਮੁੜ ਵਿਧਾਇਕ ਬਣਾਉਣ ਦਾ ਸੰਕਲਪ ਦੁਹਰਾਇਆ ਅਤੇ ਇਲਾਕੇ ਦੇ ਵਿਕਾਸ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਪ੍ਰਿਤਪਾਲ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਬਲਜੀਤ ਸਿੰਘ, ਹਰਭਜਨ ਸਿੰਘ ਸੀਹ ਸਮੇਤ ਇਲਾਕੇ ਦੇ ਵੱਡੀ ਗਿਣਤੀ ਵਿੱਚ ਮੋਹਤਬਰ ਸੱਜਣ, ਸਮਾਜ ਸੇਵਕ ਅਤੇ ਪਾਰਟੀ ਵਰਕਰ ਹਾਜ਼ਰ ਸਨ। ਸਮਾਗਮ ਦੌਰਾਨ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਵਿਕਾਸ ਦੇ ਮੁੱਦਿਆਂ ‘ਤੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ।
















