ਜੰਡਿਆਲਾ ਗੁਰੂ, 23 ਜੁਲਾਈ (ਭੁੱਲਰ ਦੇਵੀਦਾਸਪੁਰੀਆ): ਰੈਵੀਨਿਊ ਪਟਵਾਰ ਯੂਨੀਅਨ (ਰਜਿ.) ਪੰਜਾਬ ਦੇ ਸੱਦੇ ’ਤੇ ਪਟਵਾਰੀਆਂ ਦੀਆਂ ਹੱਕੀ ਮੰਗਾਂ ਦੇ ਸਮਰਥਨ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਸਮੂਹ ਤਹਿਸੀਲਾਂ ਦੇ ਪ੍ਰਧਾਨਾਂ ਵੱਲੋਂ 24 ਜੁਲਾਈ 2026 ਨੂੰ ਸਮੂਹਿਕ ਛੁੱਟੀ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਵੱਖ-ਵੱਖ ਤਹਿਸੀਲਾਂ ਦੇ ਤਹਿਸੀਲਦਾਰਾਂ ਨੂੰ ਮੰਗ ਪੱਤਰ ਸੌਂਪੇ ਗਏ।
ਅੰਮ੍ਰਿਤਸਰ-1 ਤੋਂ ਪ੍ਰਧਾਨ ਸੌਰਵ ਸ਼ਰਮਾ, ਪ੍ਰਭਜੋਤ ਕੌਰ, ਕਰਨਵੀਰ ਸਿੰਘ, ਗਗਨਜੀਤ ਸਿੰਘ, ਹਰਪਾਲ ਸਿੰਘ ਸਮਰਾ, ਜਨਰਲ ਸਕੱਤਰ ਹਰਪ੍ਰੀਤ ਸਿੰਘ, ਮਹੇਸ਼ ਕੁਮਾਰ, ਰਾਜੀਵ ਕੁਮਾਰ ਅਤੇ ਯੁਵਰਾਜ ਸਿੰਘ ਮੱਟੂ ਆਦਿ ਨੇ ਤਹਿਸੀਲਦਾਰ ਜਗਸੀਰ ਸਿੰਘ ਨੂੰ ਮੰਗ ਪੱਤਰ ਸੌਂਪਿਆ।
ਅੰਮ੍ਰਿਤਸਰ-2 ਵਿੱਚ ਪ੍ਰਧਾਨ ਜੋਬਨਜੀਤ ਸਿੰਘ, ਜਨਰਲ ਸਕੱਤਰ ਮਨਿੰਦਰ ਸਿੰਘ ਅਤੇ ਖ਼ਜ਼ਾਨਚੀ ਸੰਜੀਵ ਕੁਮਾਰ ਨੇ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ

ਇਸੇ ਤਰ੍ਹਾਂ ਅਜਨਾਲਾ ਵਿੱਚ ਪ੍ਰਧਾਨ ਗੁਰਬਾਜ ਸਿੰਘ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ, ਮਜੀਠਾ ਵਿੱਚ ਸੀਨੀਅਰ ਮੀਤ ਪ੍ਰਧਾਨ ਕਰਨ ਖੋਸਲਾ, ਖ਼ਜ਼ਾਨਚੀ ਜਸਵਿੰਦਰ ਸਿੰਘ ਬੇਦੀ, ਮਨਬੀਰ ਸਿੰਘ ਮੱਲੀ ਅਤੇ ਗੁਰਮੀਤ ਸਿੰਘ ਨੇ ਆਪਣੇ ਤਹਿਸੀਲਦਾਰ ਨੂੰ ਸਮੂਹਿਕ ਛੁੱਟੀ ਸਬੰਧੀ ਪੱਤਰ ਸੌਂਪਿਆ।
ਸ੍ਰੀ ਬਾਬਾ ਬਕਾਲਾ ਸਾਹਿਬ ਤਹਿਸੀਲ ਤੋਂ ਪ੍ਰਧਾਨ ਅੰਗਰੇਜ਼ ਸਿੰਘ, ਜਨਰਲ ਸਕੱਤਰ ਗੁਰਦੇਵ ਸਿੰਘ ਬੁੱਟਰ, ਖ਼ਜ਼ਾਨਚੀ ਮਿਹਰਬਾਨ ਸਿੰਘ, ਹਰਪ੍ਰੀਤ ਸਿੰਘ, ਜਗਜੀਤ ਸਿੰਘ ਅਤੇ ਕਿਰਨਦੀਪ ਕੌਰ ਨੇ ਵੀ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ।
ਤਹਿਸੀਲ ਲੋਪੋਕੇ ਤੋਂ ਪ੍ਰਧਾਨ ਕਰਨਜੀਤ ਸਿੰਘ ਪੱਟੀ, ਦੀਪਕ ਮਸੀਹ, ਰਛਪਾਲ ਸਿੰਘ ਅਤੇ ਗੁਰਨਾਮ ਸਿੰਘ ਨੇ ਵੀ ਤਹਿਸੀਲਦਾਰ ਨੂੰ ਛੁੱਟੀ ਸਬੰਧੀ ਪੱਤਰ ਸੌਂਪਦਿਆਂ ਯੂਨੀਅਨ ਦੇ ਫ਼ੈਸਲੇ ਦਾ ਸਮਰਥਨ ਕੀਤਾ।
ਯੂਨੀਅਨ ਆਗੂਆਂ ਨੇ ਕਿਹਾ ਕਿ ਪਟਵਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ ਦੇ ਹੱਲ ਲਈ ਇਹ ਸਮੂਹਿਕ ਛੁੱਟੀ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਟਵਾਰ ਵਰਗ ਦੀਆਂ ਹੱਕੀ ਮੰਗਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਨੌਬਤ ਨਾ ਆਵੇ।
















