ਰਾਸ਼ਟਰੀ ਝੰਡਾ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦਾ ਪ੍ਰਤੀਕ, ਪ੍ਰਸ਼ਾਸਨ ਸਤਿਕਾਰ ਸਹਿਤ ਨਵਾਂ ਤਿਰੰਗਾ ਲਗਾਏ
ਅੰਮ੍ਰਿਤਸਰ, 09 ਜੁਲਾਈ (ਕੇ.ਐਲ. ਜੀਤ ਵਾਲੀਆ) – ਅੰਮ੍ਰਿਤਸਰ ਦੇ ਉੱਘੇ ਸਮਾਜ ਸੇਵਕ ਅਤੇ ਰਾਜਨੀਤਿਕ ਆਗੂ ਇੰਦਰਪਾਲ ਸਿੰਘ ਰਾਜਾ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧਿਆਨ ਰਣਜੀਤ ਐਵੀਨਿਊ ਦੇ ਡੀ-ਬਲਾਕ ਸਥਿਤ ਅੰਮ੍ਰਿਤ ਆਨੰਦ ਪਾਰਕ (ਰੋਜ਼ ਗਾਰਡਨ) ਵਿਖੇ ਲੱਗੇ ਰਾਸ਼ਟਰੀ ਝੰਡੇ ਦੀ ਮਾੜੀ ਹਾਲਤ ਵੱਲ ਦਿਵਾਉਂਦਿਆਂ ਇਸ ਨੂੰ ਤੁਰੰਤ ਬਦਲਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਪਾਰਕ ਵਿੱਚ ਲਹਿਰਾਇਆ ਜਾ ਰਿਹਾ ਤਿਰੰਗਾ ਕਿਸੇ ਕਾਰਨ ਫਟ ਚੁੱਕਾ ਹੈ, ਜੋ ਦੇਸ਼ ਦੇ ਰਾਸ਼ਟਰੀ ਸਨਮਾਨ ਨਾਲ ਜੁੜਿਆ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਤਿਰੰਗਾ ਸਿਰਫ਼ ਇੱਕ ਝੰਡਾ ਨਹੀਂ, ਸਗੋਂ ਦੇਸ਼ ਦੀ ਏਕਤਾ, ਅਖੰਡਤਾ, ਆਜ਼ਾਦੀ ਅਤੇ ਹਰ ਨਾਗਰਿਕ ਦੇ ਸਵਾਭਿਮਾਨ ਦਾ ਪ੍ਰਤੀਕ ਹੈ। ਇਸ ਲਈ ਇਸ ਦਾ ਹਰ ਹਾਲਤ ਵਿੱਚ ਪੂਰੇ ਸਤਿਕਾਰ ਅਤੇ ਮਾਣ-ਸਨਮਾਨ ਨਾਲ ਰੱਖ-ਰਖਾਅ ਕੀਤਾ ਜਾਣਾ ਚਾਹੀਦਾ ਹੈ।
ਇੰਦਰਪਾਲ ਸਿੰਘ ਰਾਜਾ ਨੇ ਕਿਹਾ ਕਿ ਰੋਜ਼ਾਨਾ ਸੈਂਕੜੇ ਸਥਾਨਕ ਲੋਕ, ਸੈਰ-ਸਪਾਟੇ ਲਈ ਆਉਣ ਵਾਲੇ ਸੈਲਾਨੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਦੇਸ਼-ਵਿਦੇਸ਼ ਦੇ ਸ਼ਰਧਾਲੂ ਇਸ ਮਾਰਗ ਤੋਂ ਲੰਘਦੇ ਹਨ। ਅਜਿਹੇ ਵਿੱਚ ਫਟਿਆ ਹੋਇਆ ਰਾਸ਼ਟਰੀ ਝੰਡਾ ਨਾ ਸਿਰਫ਼ ਸ਼ਹਿਰ ਦੀ ਛਵੀ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਹਰ ਦੇਸ਼ਭਗਤ ਦੇ ਮਨ ਨੂੰ ਵੀ ਠੇਸ ਪਹੁੰਚਾਉਂਦਾ ਹੈ।
ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ, ਅੰਮ੍ਰਿਤਸਰ ਨਗਰ ਨਿਗਮ ਅਤੇ ਸੰਬੰਧਿਤ ਵਿਭਾਗਾਂ ਨੂੰ ਅਪੀਲ ਕੀਤੀ ਕਿ ਖਰਾਬ ਹੋਏ ਤਿਰੰਗੇ ਨੂੰ ਫਲੈਗ ਕੋਡ ਆਫ਼ ਇੰਡੀਆ ਅਨੁਸਾਰ ਪੂਰੇ ਆਦਰ-ਸਤਿਕਾਰ ਨਾਲ ਉਤਾਰਿਆ ਜਾਵੇ ਅਤੇ ਉਸ ਦੀ ਥਾਂ ਤੁਰੰਤ ਨਵਾਂ ਰਾਸ਼ਟਰੀ ਝੰਡਾ ਲਹਿਰਾਇਆ ਜਾਵੇ, ਤਾਂ ਜੋ ਦੇਸ਼ ਦੇ ਰਾਸ਼ਟਰੀ ਸਨਮਾਨ ਦੀ ਮਰਿਆਦਾ ਹਰ ਹਾਲਤ ਵਿੱਚ ਬਰਕਰਾਰ ਰਹੇ।
ਉਨ੍ਹਾਂ ਕਿਹਾ ਕਿ ਰਾਸ਼ਟਰੀ ਪ੍ਰਤੀਕਾਂ ਦਾ ਸਨਮਾਨ ਕਰਨਾ ਹਰ ਨਾਗਰਿਕ ਦਾ ਨੈਤਿਕ ਫਰਜ਼ ਹੈ ਅਤੇ ਸਰਕਾਰੀ ਅਦਾਰਿਆਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਮੇਂ-ਸਮੇਂ ‘ਤੇ ਰਾਸ਼ਟਰੀ ਝੰਡਿਆਂ ਦੀ ਸਥਿਤੀ ਦੀ ਜਾਂਚ ਕਰਕੇ ਲੋੜ ਪੈਣ ‘ਤੇ ਉਨ੍ਹਾਂ ਨੂੰ ਤੁਰੰਤ ਬਦਲਣ।
ਇੰਦਰਪਾਲ ਸਿੰਘ ਰਾਜਾ ਨੇ ਉਮੀਦ ਪ੍ਰਗਟਾਈ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਲੋੜੀਂਦੀ ਕਾਰਵਾਈ ਕਰੇਗਾ, ਤਾਂ ਜੋ ਰਾਸ਼ਟਰੀ ਝੰਡੇ ਦੀ ਮਾਣ-ਮਰਿਆਦਾ ਅਤੇ ਸ਼ਹਿਰ ਦੀ ਸ਼ਾਨ ਕਾਇਮ ਰਹੇ।
















