ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਪੰਜਾਬ ਵਿੱਚ ਅਮਨ, ਭਾਈਚਾਰੇ ਅਤੇ ਲੋਕ ਭਲਾਈ ਦਾ ਦੌਰ ਮੁੜ ਆਵੇਗਾ
ਅੰਮ੍ਰਿਤਸਰ, 25 ਜੂਨ (ਕੇ.ਐਲ. ਜੀਤ ਵਾਲੀਆ) – ਵਾਰਿਸ ਪੰਜਾਬ ਦੇ ਅਕਾਲੀ ਦਲ ਦੇ ਹਲਕਾ ਰਾਜਾਸਾਂਸੀ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਕਲੇਰ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਰਵਾਇਤੀ ਰਾਜਨੀਤਿਕ ਪਾਰਟੀਆਂ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਚੁੱਕੇ ਹਨ ਅਤੇ ਹੁਣ ਉਹ ਸੂਬੇ ਲਈ ਇੱਕ ਨਵਾਂ ਅਤੇ ਭਰੋਸੇਯੋਗ ਬਦਲ ਲੱਭ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਵਾਰਿਸ ਪੰਜਾਬ ਦੇ ਅਕਾਲੀ ਦਲ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਮਜ਼ਬੂਤ ਤਾਕਤ ਵਜੋਂ ਉਭਰ ਰਿਹਾ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਸਰਕਾਰ ਬਣਾਉਣ ਦੀ ਸਮਰੱਥਾ ਰੱਖਦੀ ਹੈ।
ਪਰਮਜੀਤ ਸਿੰਘ ਕਲੇਰ ਨੇ ਕਿਹਾ ਕਿ ਪੰਜਾਬ ਦੇ ਲੋਕ ਵਿਕਾਸ, ਰੋਜ਼ਗਾਰ, ਸਿੱਖਿਆ, ਸਿਹਤ ਅਤੇ ਕਾਨੂੰਨ-ਵਿਵਸਥਾ ਵਰਗੇ ਬੁਨਿਆਦੀ ਮੁੱਦਿਆਂ ਦਾ ਟਿਕਾਊ ਹੱਲ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਵਾਰਿਸ ਪੰਜਾਬ ਦੇ ਅਕਾਲੀ ਦਲ ਦੀ ਸੋਚ ਪੰਜਾਬ ਦੇ ਹਰ ਵਰਗ ਦੀ ਭਲਾਈ ਅਤੇ ਬਰਾਬਰੀ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਉੱਤੇ ਕੇਂਦਰਿਤ ਹੈ।
ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਵਿਚਾਰਧਾਰਾ ਨੂੰ ਕੁਝ ਵਿਰੋਧੀ ਧਿਰਾਂ ਵੱਲੋਂ ਜਾਣਬੁੱਝ ਕੇ ਤੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ, ਜਦਕਿ ਉਨ੍ਹਾਂ ਦਾ ਮਕਸਦ ਪੰਜਾਬ ਵਿੱਚ ਅਜਿਹਾ ਪ੍ਰਬੰਧ ਸਥਾਪਿਤ ਕਰਨਾ ਹੈ ਜਿੱਥੇ ਹਰ ਧਰਮ, ਜਾਤੀ ਅਤੇ ਵਰਗ ਦੇ ਲੋਕਾਂ ਨੂੰ ਪੂਰਾ ਸਨਮਾਨ ਅਤੇ ਸੁਰੱਖਿਆ ਮਿਲੇ। ਉਨ੍ਹਾਂ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਅਜਿਹੇ ਪੰਜਾਬ ਦੀ ਕਲਪਨਾ ਕਰਦੇ ਹਨ ਜਿੱਥੇ ਆਪਸੀ ਭਾਈਚਾਰਾ, ਸਮਾਜਿਕ ਸਦਭਾਵਨਾ ਅਤੇ ਨਿਆਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇ।
ਕਲੇਰ ਨੇ ਕਿਹਾ ਕਿ ਇਤਿਹਾਸ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਧਾਰਮਿਕ ਸਹਿਣਸ਼ੀਲਤਾ, ਲੋਕ ਭਲਾਈ ਅਤੇ ਇਨਸਾਫ਼ ਲਈ ਜਾਣਿਆ ਜਾਂਦਾ ਹੈ। ਵਾਰਿਸ ਪੰਜਾਬ ਦੇ ਅਕਾਲੀ ਦਲ ਦੀ ਸੋਚ ਵੀ ਉਸੇ ਤਰ੍ਹਾਂ ਦੇ ਸੁਸ਼ਾਸਨ ਅਤੇ ਲੋਕ-ਕੇਂਦਰਿਤ ਪ੍ਰਬੰਧ ਨੂੰ ਅੱਗੇ ਵਧਾਉਣ ਦੀ ਹੈ, ਜਿਸ ਵਿੱਚ ਹਿੰਦੂ, ਸਿੱਖ, ਮੁਸਲਿਮ, ਇਸਾਈ ਅਤੇ ਹੋਰ ਸਾਰੇ ਭਾਈਚਾਰਿਆਂ ਨੂੰ ਬਰਾਬਰ ਦੇ ਮੌਕੇ ਅਤੇ ਸਨਮਾਨ ਪ੍ਰਾਪਤ ਹੋਣ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨ ਪੀੜ੍ਹੀ ਹੁਣ ਸੂਬੇ ਦੇ ਭਵਿੱਖ ਨੂੰ ਲੈ ਕੇ ਜਾਗਰੂਕ ਹੋ ਰਹੀ ਹੈ ਅਤੇ ਉਹ ਅਜਿਹੀ ਲੀਡਰਸ਼ਿਪ ਚਾਹੁੰਦੀ ਹੈ ਜੋ ਪੰਜਾਬ ਦੇ ਹਿੱਤਾਂ ਨੂੰ ਪਹਿਲ ਦੇਵੇ। ਉਨ੍ਹਾਂ ਭਰੋਸਾ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਵਾਰਿਸ ਪੰਜਾਬ ਦੇ ਅਕਾਲੀ ਦਲ ਨੂੰ ਲੋਕਾਂ ਦਾ ਹੋਰ ਵੱਧ ਸਮਰਥਨ ਮਿਲੇਗਾ ਅਤੇ ਪੰਜਾਬ ਵਿੱਚ ਨਵੇਂ ਰਾਜਨੀਤਿਕ ਅਧਿਆਏ ਦੀ ਸ਼ੁਰੂਆਤ ਹੋਵੇਗੀ।
ਅੰਤ ਵਿੱਚ ਪਰਮਜੀਤ ਸਿੰਘ ਕਲੇਰ ਨੇ ਪੰਜਾਬ ਵਾਸੀਆਂ ਨੂੰ ਆਪਸੀ ਏਕਤਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸਾਰੇ ਵਰਗਾਂ ਦਾ ਇਕੱਠੇ ਹੋ ਕੇ ਕੰਮ ਕਰਨਾ ਸਮੇਂ ਦੀ ਮੁੱਖ ਲੋੜ ਹੈ।
















