ਬਰੈਂਪਟਨ, ਕਨੇਡਾ 14 ਜੂਨ ( ਜੋਬਨਪ੍ਰੀਤ ਸਿੰਘ ਆਹਲੂਵਾਲੀਆ ) – ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਮੰਚ ਵੱਲੋਂ ਪਿਤਾ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਕਾਵਿ-ਮਿਲਣੀ ਦਾ ਆਯੋਜਨ ਕੀਤਾ ਗਿਆ, ਜੋ ਸਾਹਿਤਕ ਰੰਗਾਂ, ਭਾਵਨਾਵਾਂ ਅਤੇ ਪਿਤਾ ਪ੍ਰਤੀ ਸਤਿਕਾਰ ਨਾਲ ਭਰਪੂਰ ਇੱਕ ਯਾਦਗਾਰ ਸਮਾਗਮ ਸਾਬਤ ਹੋਇਆ।
ਸਮਾਗਮ ਦੀ ਸ਼ੁਰੂਆਤ ਸੰਸਥਾਪਕ ਰਮਿੰਦਰ ਰੰਮੀ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਸੰਸਥਾ ਦੀਆਂ ਸਾਹਿਤਕ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਉਪਰੰਤ ਪ੍ਰਬੰਧਕੀ ਟੀਮ ਮੈਂਬਰ ਸਤਬੀਰ ਸਿੰਘ ਨੇ ਸਭ ਦਾ ਸਵਾਗਤ ਕੀਤਾ, ਜਦਕਿ ਚੀਫ਼ ਪੈਟਰਨ ਦਲਬੀਰ ਸਿੰਘ ਕਥੂਰੀਆ ਦੇ ਸੰਦੇਸ਼ ਨਾਲ ਕਾਵਿ-ਮਿਲਣੀ ਦਾ ਰਸਮੀ ਆਗਾਜ਼ ਹੋਇਆ।
ਸੀਨੀਅਰ ਮੀਤ ਪ੍ਰਧਾਨ ਡਾ. ਅਮਰਜੋਤੀ ਮਾਂਗਟ ਨੇ ਪ੍ਰਬੰਧਕੀ ਟੀਮ ਅਤੇ ਵਿਸ਼ੇਸ਼ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾਈ। ਪ੍ਰੋਗਰਾਮ ਦਾ ਸੰਚਾਲਨ ਡਾ. ਪੁਸ਼ਵਿੰਦਰ ਖੋਖਰ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਇਸ ਮੌਕੇ ਸੁਨੀਲ ਚੰਦਿਆਣਵੀ, ਗਗਨਮੀਤ, ਪ੍ਰੋ. ਪਵਨ ਖਿੱਚੀ, ਸਵਿੰਦਰ ਸੰਧੂ, ਅੰਜੂ ਬਾਲਾ, ਡਾ. ਨਿਰਮ ਜੋਸਨ, ਲਖਵਿੰਦਰ ਸਿੰਘ ਬਾਜਵਾ, ਰਣਬੀਰ ਸਿੰਘ ਪ੍ਰਿੰਸ, ਜਗਜੀਤ ਸਿੰਘ ਖਹਿਰਾ, ਸਤਿੰਦਰ ਸਿੰਘ ਓਠੀ ਅਤੇ ਵਿਵੇਕ ਕੋਟ ਈਸੇ ਖਾਂ ਸਮੇਤ ਕਈ ਕਵੀਆਂ ਨੇ ਪਿਤਾ ਦੇ ਰਿਸ਼ਤੇ ਦੀ ਮਹਾਨਤਾ ਨੂੰ ਆਪਣੀਆਂ ਰਚਨਾਵਾਂ ਰਾਹੀਂ ਉਜਾਗਰ ਕੀਤਾ।
ਮੁੱਖ ਮਹਿਮਾਨ ਅਵਤਾਰਜੀਤ ਅਟਵਾਲ ਨੇ ਆਪਣੀ ਰਚਨਾ “ਬਾਬਲ ਰੁੱਖ ਜਦ ਸੁੱਕ ਜਾਂਦਾ ਹੈ” ਪੇਸ਼ ਕਰਕੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ, ਜਦਕਿ ਪ੍ਰੀਤਮਾ ਜੀ ਦੀ ਵੈਰਾਗਮਈ ਪੇਸ਼ਕਾਰੀ ਨੇ ਵੀ ਡੂੰਘਾ ਪ੍ਰਭਾਵ ਛੱਡਿਆ।
ਸਮਾਗਮ ਦੇ ਅੰਤ ਵਿੱਚ ਹਰਭਜਨ ਕੌਰ ਗਿੱਲ ਨੇ ਸਾਰੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ। ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਜੋਗੀ ਨੇ ਪੂਰੇ ਸਮਾਗਮ ਦਾ ਵਿਦਵਤਾ ਭਰਪੂਰ ਵਿਸ਼ਲੇਸ਼ਣ ਪੇਸ਼ ਕਰਦਿਆਂ ਪਿਤਾ ਦੇ ਮਹਾਨ ਯੋਗਦਾਨ ਨੂੰ ਉਜਾਗਰ ਕੀਤਾ। ਸੰਸਥਾਪਕ ਰਮਿੰਦਰ ਵਾਲੀਆ ਨੇ ਆਪਣੀ ਕਾਵਿਕ ਰਚਨਾ “ਸੁਪਨਾ ਕਿ ਸੱਚ” ਰਾਹੀਂ ਆਪਣੇ ਪਿਤਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ।
ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ ਅਤੇ ਕਵੀਆਂ ਨੇ ਸ਼ਿਰਕਤ ਕੀਤੀ। ਬੁਲਾਰਿਆਂ ਨੇ ਰਮਿੰਦਰ ਰੰਮੀ ਦੀ ਸਾਹਿਤ ਪ੍ਰਤੀ ਨਿਰੰਤਰ ਸੇਵਾ, ਸਮਰਪਣ ਅਤੇ ਮਿਹਨਤ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਸਾਹਿਤਕ ਚੇਤਨਾ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ। ਇਹ ਕਾਵਿ-ਮਿਲਣੀ ਪਿਤਾ ਦੇ ਅਮੁੱਲੇ ਯੋਗਦਾਨ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ, ਭਾਵਪੂਰਤ ਅਤੇ ਯਾਦਗਾਰ ਸਾਹਿਤਕ ਸਮਾਗਮ ਵਜੋਂ ਸਫਲਤਾਪੂਰਵਕ ਸੰਪੰਨ ਹੋਈ।
















