ਰਣਜੀਤ ਐਵੀਨਿਊ ਦੇ ਵਸਨੀਕ ਉਹਨਾਂ ਦੇ ਆਪਣੇ ਪਰਿਵਾਰ ਦਾ ਹਿੱਸਾ ਹਨ-ਰਿੰਟੂ
ਅੰਮ੍ਰਿਤਸਰ, 26 ਮਈ (ਕੇ.ਐਲ. ਜੀਤ ਵਾਲੀਆ) – ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਹਲਕਾ ਉੱਤਰੀ ਦੇ ਇੰਚਾਰਜ ਕਰਮਜੀਤ ਸਿੰਘ ਰਿੰਟੂ ਵੱਲੋਂ ਅੱਜ ਰਣਜੀਤ ਐਵੀਨਿਊ ਈ-ਬਲਾਕ ਸਥਿਤ ਪਾਰਕ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਇਲਾਕਾ ਨਿਵਾਸੀਆਂ ਅਤੇ ਵੈਲਫੇਅਰ ਐਸੋਸੀਏਸ਼ਨ ਮੈਂਬਰਾਂ ਵਿੱਚ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ।
ਇਸ ਪਾਰਕ ਦੇ ਵਿਕਾਸ ਲਈ ਅੰਮ੍ਰਿਤਸਰ ਦੇ ਉੱਘੇ ਸਮਾਜ ਸੇਵਕ ਇੰਦਰਪਾਲ ਸਿੰਘ ਰਾਜਾ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ, ਜਿਸ ਕਾਰਨ ਪਾਰਕ ਦੀ ਨੁਹਾਰ ਪੂਰੀ ਤਰ੍ਹਾਂ ਬਦਲਣ ਜਾ ਰਹੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਪਾਰਕ ਵਿੱਚ ਲੋਕਾਂ ਦੀ ਸਹੂਲਤ ਲਈ ਕਈ ਆਧੁਨਿਕ ਵਿਕਾਸ ਕਾਰਜ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪਾਰਕ ਵਿੱਚ ਨਵੇਂ ਬੈਂਚ ਲਗਾਏ ਜਾਣਗੇ, ਬੱਚਿਆਂ ਲਈ ਖੇਡਣ ਵਾਸਤੇ ਝੂਲੇ ਲਗਣਗੇ ਅਤੇ ਬੈਡਮਿੰਟਨ ਕੋਰਟ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੂਰੇ ਬਾਗ ਦੀ ਰੰਗ-ਰੋਗਨ ਕਰਵਾਈ ਜਾਵੇਗੀ ਅਤੇ ਨਵੇਂ ਬੂਟੇ ਲਗਾ ਕੇ ਹਰਿਆਵਲੀ ਨੂੰ ਹੋਰ ਵਧਾਇਆ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਪਾਰਕ ਵਿੱਚ ਸੋਲਰ ਲਾਈਟਾਂ ਅਤੇ ਫੈਂਸੀ ਲਾਈਟਾਂ ਲਗਾਈਆਂ ਜਾਣਗੀਆਂ ਤਾਂ ਜੋ ਰਾਤ ਸਮੇਂ ਵੀ ਇਲਾਕਾ ਰੌਸ਼ਨ ਅਤੇ ਸੁੰਦਰ ਦਿੱਸੇ। ਪਾਣੀ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਨਵਾਂ ਬੋਰ ਵੀ ਕਰਵਾਇਆ ਜਾਵੇਗਾ।
ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਰਣਜੀਤ ਐਵੀਨਿਊ ਦੇ ਵਸਨੀਕ ਉਹਨਾਂ ਦੇ ਆਪਣੇ ਪਰਿਵਾਰ ਦਾ ਹਿੱਸਾ ਹਨ ਅਤੇ ਇਲਾਕੇ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਇਲਾਕਾ ਨਿਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਇੰਦਰਪਾਲ ਸਿੰਘ ਰਾਜਾ ਨੇ ਕਰਮਜੀਤ ਸਿੰਘ ਰਿੰਟੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਕ ਦੇ ਵਿਕਾਸ ਨਾਲ ਇਲਾਕੇ ਦੇ ਲੋਕਾਂ, ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਸਮਾਗਮ ਵਿੱਚ ਪਹੁੰਚੇ ਸਾਰੇ ਪਤਵੰਤਿਆਂ ਅਤੇ ਇਲਾਕਾ ਨਿਵਾਸੀਆਂ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਸ਼ਰਨਜੀਤ ਸਿੰਘ (ਜਨਰਲ ਸਕੱਤਰ, ਈ-ਬਲਾਕ ਵੈਲਫੇਅਰ ਐਸੋਸੀਏਸ਼ਨ), ਰਜਵੰਤ ਸਿੰਘ ਸੰਧੂ (ਚੇਅਰਮੈਨ), ਇੰਦਰਬੀਰ ਸਿੰਘ, ਨਰਿੰਦਰ ਸਿੰਘ, ਮਨਪ੍ਰੀਤ ਸਿੰਘ, ਹਰਦਿਆਲ ਸਿੰਘ, ਮਨਮੋਹਨ ਸਿੰਘ, ਸੁਰਿੰਦਰ ਪਾਲ ਸਿੰਘ ਡਿੰਪਾ, ਨਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਈ-ਬਲਾਕ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।
















