ਚਾਂਦਪੁਰ, ਉੱਤਰ ਪ੍ਰਦੇਸ਼, 24 ਮਈ (ਕੇ.ਐਲ. ਜੀਤ ਵਾਲੀਆ) – ਹਿੰਦੂ ਇੰਟਰ ਕਾਲਜ, ਚਾਂਦਪੁਰ (ਜ਼ਿਲ੍ਹਾ ਬਿਜਨੌਰ) ਵਿਖੇ ਬੀਤੇ ਦਿਨ ਇੱਕ ਵਿਸ਼ਾਲ ਅਤੇ ਰੂਹਾਨੀ ਰੰਗਾਂ ਨਾਲ ਭਰਪੂਰ ਗੁਰਬਾਣੀ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਸ਼ਿਰਕਤ ਕਰਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋਈ।
ਇਸ ਧਾਰਮਿਕ ਸਮਾਗਮ ਵਿੱਚ ਪ੍ਰਸਿੱਧ ਗੁਰਬਾਣੀ ਕੀਰਤਨੀਏ ਬੀਬੀ ਸੁਰਿੰਦਰ ਕੌਰ ਖਾਲਸਾ ਅਤੇ ਪੰਥ ਪ੍ਰਸਿੱਧ ਪ੍ਰਚਾਰਕ ਸੰਤ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਵਿਸ਼ੇਸ਼ ਹਾਜ਼ਰੀ ਭਰੀ। ਸੰਗਤ ਪੰਜਾਬ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਹੋਰ ਕਈ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਪਹੁੰਚੀ।
ਭਾਰੀ ਗਰਮੀ ਅਤੇ ਤਿੱਖੀ ਧੁੱਪ ਦੇ ਬਾਵਜੂਦ ਸੰਗਤ ਪੂਰੇ ਸਮਾਗਮ ਦੌਰਾਨ ਸ਼ਰਧਾ ਅਤੇ ਉਤਸ਼ਾਹ ਨਾਲ ਡੱਟੀ ਰਹੀ ਅਤੇ ਗੁਰਬਾਣੀ ਕੀਰਤਨ, ਨਾਮ ਸਿਮਰਨ ਅਤੇ ਕਥਾ ਵਿਚਾਰ ਦਾ ਆਨੰਦ ਮਾਣਦੀ ਰਹੀ। ਸਮਾਗਮ ਦੌਰਾਨ ਸਾਰਾ ਮਾਹੌਲ ਰੂਹਾਨੀ ਰੰਗ ਵਿੱਚ ਰੰਗਿਆ ਰਿਹਾ ਅਤੇ ਸੰਗਤ ਵੱਲੋਂ ਭਾਰੀ ਉਤਸ਼ਾਹ ਅਤੇ ਪਿਆਰ ਵੇਖਣ ਨੂੰ ਮਿਲਿਆ।
ਇਸ ਮੌਕੇ ਸੰਤ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਬੀਬੀ ਸੁਰਿੰਦਰ ਕੌਰ ਖਾਲਸਾ ਦੇ ਕੀਰਤਨੀ ਜਥੇ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਹ ਪਲ ਸਮਾਗਮ ਦਾ ਖਾਸ ਆਕਰਸ਼ਣ ਬਣਿਆ ਅਤੇ ਸੰਗਤ ਨੇ ਭਾਰੀ ਤਾਲੀਆਂ ਨਾਲ ਸਵਾਗਤ ਕੀਤਾ।
ਸਮਾਗਮ ਦੇ ਸਫਲ ਪ੍ਰਬੰਧ ਅਤੇ ਸੇਵਾ ਲਈ ਗੁਰਨਾਮ ਸਿੰਘ ਜੀ, ਗੁਰਪ੍ਰੀਤ ਸਿੰਘ ਜੀ ਅਤੇ ਸਮੂਹ ਚਾਂਦਪੁਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੀ ਮਿਹਨਤ ਅਤੇ ਸੇਵਾਭਾਵ ਨਾਲ ਇਹ ਵਿਸ਼ਾਲ ਧਾਰਮਿਕ ਸਮਾਗਮ ਸਫਲਤਾਪੂਰਵਕ ਸੰਪੰਨ ਹੋਇਆ। ਅੰਤ ਵਿੱਚ ਸਰਬੱਤ ਦੇ ਭਲੇ ਅਤੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ ਗਈ।
















