ਅੰਮ੍ਰਿਤਸਰ, 22 ਮਈ (ਕੇ.ਐਲ. ਜੀਤ ਵਾਲੀਆ) – ਪ੍ਰਸਿੱਧ ਲੇਖਕ ਅਤੇ ਨਿਰਦੇਸ਼ਕ ਮਰਹੂਮ ਮੁਕੇਸ਼ ਕੁੰਦਰਾ ਜੀ ਦੁਆਰਾ ਲਿਖੇ ਅਤੇ ਡਾਇਰੈਕਟਰ ਅਮਨ ਕੁਮਾਰ ਭਾਰਤਵਾਜ ਵੱਲੋਂ ਨਿਰਦੇਸ਼ਿਤ ਹਾਸ ਰਸ ਨਾਟਕ ‘ਗੱਬਰ ਸਿੰਘ ਦਾ ਭੂਤ’ ਦਾ ਮੰਚਨ ਅੱਜ ਵਿਰਸਾ ਵਿਹਾਰ ਵਿਖੇ ਕੀਤਾ ਗਿਆ। ਨਾਟਕ ਦੌਰਾਨ ਕਲਾਕਾਰਾਂ ਦੀ ਸ਼ਾਨਦਾਰ ਅਦਾਕਾਰੀ ਨੇ ਦਰਸ਼ਕਾਂ ਨੂੰ ਬਾਰ-ਬਾਰ ਹੱਸਣ ਲਈ ਮਜਬੂਰ ਕਰ ਦਿੱਤਾ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਅਤੇ ਵਰਲਡ ਪੰਜਾਬੀ ਕੌਂਸਲ ਕੈਨੇਡਾ ਦੇ ਭਾਰਤ ਪ੍ਰਧਾਨ ਸਤਬੀਰ ਸਿੰਘ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨਾਂ ਵਿੱਚ ਵਿਰਸਾ ਵਿਹਾਰ ਦੇ ਜਨਰਲ ਸਕੱਤਰ ਰਮੇਸ਼ ਯਾਦਵ, ਫਿਲਮੀ ਹਾਸ ਕਲਾਕਾਰ ਹਰਪ੍ਰੀਤ ਭਾਟੀਆ, ਅਵਿਨਾ ਅਰੋੜਾ (ਸਟਾਰ ਹੈਲਥ), ਸਾਬਕਾ ਕੌਂਸਲਰ ਅਮਰਬੀਰ ਸਿੰਘ ਸੰਧੂ, ਸਮਾਜ ਸੇਵਕ ਅਰੁਣ ਕੁਮਾਰ, ਰਾਸ਼ਟਰੀ ਗੌ ਪ੍ਰੋਟੈਕਸ਼ਨ ਫੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਡਾ. ਰੋਹਿਨ ਮਹਿਰਾ, ਜੀਐਸਸੀਸੀ ਦੇ ਪ੍ਰਧਾਨ ਨਵਦੀਪ ਸਹੋਤਾ, ਪ੍ਰੋਡਿਊਸਰ ਗੁਰਮੀਤ ਕੌਰ ਅਤੇ ਪੰਜਾਬ ਮੀਡੀਆ ਟਾਈਮਜ਼ ਅਖਬਾਰ ਦੇ ਮੁੱਖ ਸੰਪਾਦਕ ਕੇ.ਐਲ. ਜੀਤ ਵਾਲੀਆ ਮੌਜੂਦ ਸਨ।
ਨਾਟਕ ਵਿੱਚ ਅਮਨ ਕੁਮਾਰ ਭਾਰਤਵਾਜ, ਦੀਆ ਸ਼ਰਮਾ, ਵਿਵੇਕ ਭਾਰਤਵਾਜ, ਪਰੀ, ਗਗਨਦੀਪ ਸਿੰਘ, ਚੇਤਨ ਸ਼ਰਮਾ, ਗੁਰਜੀਤ ਅਰੋੜਾ, ਜਗਦੀਸ਼ ਜੱਬਲ, ਰਾਕੇਸ਼ ਸ਼ਰਮਾ, ਸਿਨਾ, ਸੈਰੀ ਸਿੰਘ, ਸਮ੍ਰਿਧੀ ਕਪੂਰ ਅਤੇ ਗੁਰਿੰਦਰ ਸਿੰਘ ਨੇ ਆਪਣੀ ਕਾਬਿਲ-ਏ-ਤਾਰੀਫ਼ ਅਦਾਕਾਰੀ ਨਾਲ ਨਾਟਕ ਵਿੱਚ ਜਾਨ ਪਾ ਦਿੱਤੀ।
ਇਸ ਮੌਕੇ ਦਿਨੇਸ਼ ਬੱਸੀ ਅਤੇ ਸਤਬੀਰ ਸਿੰਘ ਨੇ ਸਮੂਹ ਨਾਟਕ ਟੀਮ ਨੂੰ ਪ੍ਰਭਾਵਸ਼ਾਲੀ ਅਦਾਕਾਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਨਾਟਕ ਸਮਾਜ ਵਿੱਚ ਸਕਾਰਾਤਮਕ ਸੋਚ ਅਤੇ ਮਨੋਰੰਜਨ ਦਾ ਸੁੰਦਰ ਸੁਨੇਹਾ ਪਹੁੰਚਾਉਂਦੇ ਹਨ ਅਤੇ ਲੋਕਾਂ ‘ਤੇ ਗਹਿਰੀ ਛਾਪ ਛੱਡਦੇ ਹਨ।
ਹਾਸ ਕਲਾਕਾਰ ਹਰਪ੍ਰੀਤ ਭਾਟੀਆ ਨੇ ਕਿਹਾ ਕਿ ਕਲਾਕਾਰਾਂ ਦੀ ਮਿਹਨਤ ਨਾਟਕ ਵਿੱਚ ਸਪਸ਼ਟ ਤੌਰ ‘ਤੇ ਨਜ਼ਰ ਆਈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਨਾਟਕ ਸਮਾਜ ਨੂੰ ਇੱਕ ਵਧੀਆ ਸਿਹਤਮੰਦ ਮਨੋਰੰਜਨ ਪ੍ਰਦਾਨ ਕਰਦੇ ਹਨ।
ਇਸ ਮੌਕੇ ਨਾਟਕ ਦੇ ਡਾਇਰੈਕਟਰ ਅਮਨ ਕੁਮਾਰ ਭਾਰਤਵਾਜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਨਾਟਕਾਂ ਦਾ ਮਕਸਦ ਸਿਰਫ ਮਨੋਰੰਜਨ ਕਰਨਾ ਹੀ ਨਹੀਂ ਹੁੰਦਾ, ਸਗੋਂ ਸਮਾਜ ਨੂੰ ਇੱਕ ਵਧੀਆ ਅਤੇ ਸਕਾਰਾਤਮਕ ਸੁਨੇਹਾ ਦੇਣਾ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਨਾਟਕ ਲੋਕਾਂ ਨੂੰ ਹਾਸੇ ਦੇ ਨਾਲ-ਨਾਲ ਜੀਵਨ ਦੀਆਂ ਅਹਿਮ ਸਿੱਖਿਆਵਾਂ ਵੀ ਦਿੰਦੇ ਹਨ।
















