ਅੰਮ੍ਰਿਤਸਰ, 15 ਮਈ ( ਫੁਲਜੀਤ ਸਿੰਘ) — ਅੰਮ੍ਰਿਤਸਰ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਵਿੱਚ ਕਥਿਤ ਧੋਖਾਧੜੀ ਅਤੇ ਰਿਕਾਰਡ ਨਾਲ ਹੇਰਾਫੇਰੀ ਕਰਨ ਦੇ ਗੰਭੀਰ ਮਾਮਲੇ ਵਿੱਚ ਥਾਣਾ ਏ-ਡਿਵੀਜ਼ਨ ਪੁਲਿਸ ਨੇ ਰਾਜ ਕੁਮਾਰ ਮਹਾਜਨ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਦੀ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਰਾਜ ਕੁਮਾਰ ਮਹਾਜਨ ਨੇ ਕ੍ਰਿਸ਼ਨਾ ਥਿਏਟਰ ਬਾਹਰਵਾਰ ਚਾਟੀਵਿੰਡ ਗੇਟ ਸਥਿਤ ਇਕ ਬਿਲਡਿੰਗ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਦੇ ਕੁਝ ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਸਾਲ 2013-14 ਤੋਂ 2024-25 ਤੱਕ ਦੇ ਪ੍ਰਾਪਰਟੀ ਟੈਕਸ ਰਿਕਾਰਡ ਵਿੱਚ ਕਥਿਤ ਤੌਰ ’ਤੇ ਗਲਤ ਐਂਟਰੀਆਂ ਕਰਵਾਈਆਂ। ਦੋਸ਼ ਹੈ ਕਿ ਬਕਾਇਆ ਪ੍ਰਾਪਰਟੀ ਟੈਕਸ ਨੂੰ ਗਲਤ ਤਰੀਕੇ ਨਾਲ ਘਟਾ ਕੇ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਨੁਕਸਾਨ ਪਹੁੰਚਾਇਆ ਗਿਆ।
ਸ਼ਿਕਾਇਤ ਵਿੱਚ ਇਹ ਵੀ ਦਰਜ ਹੈ ਕਿ ਸਾਲ 2025-26 ਲਈ ਵੀ ਕਥਿਤ ਤੌਰ ’ਤੇ ਫ਼ਰਜ਼ੀ ਤਰੀਕੇ ਨਾਲ ਕ੍ਰਿਸ਼ਨਾ ਥਿਏਟਰ ਬਾਹਰ ਚਾਟੀਵਿੰਡ ਗੇਟ ਦੀ ਬਿਲਡਿੰਗ ਦਾ ਪ੍ਰਾਪਰਟੀ ਟੈਕਸ ਜਮ੍ਹਾਂ ਹੋਇਆ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ। ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਅੰਦਰੂਨੀ ਜਾਂਚ ਦੌਰਾਨ ਮਾਮਲਾ ਸਾਹਮਣੇ ਆਉਣ ’ਤੇ ਇਸ ਸਬੰਧੀ ਪੁਲਿਸ ਕਮਿਸ਼ਨਰ ਨੂੰ ਵਿਸਥਾਰਪੂਰਵਕ ਰਿਪੋਰਟ ਭੇਜੀ ਗਈ।
ਦਸਤਾਵੇਜ਼ਾਂ ਮੁਤਾਬਕ ਪੁਲਿਸ ਨੇ ਪ੍ਰਾਰੰਭਿਕ ਜਾਂਚ ਉਪਰੰਤ ਰਾਜ ਕੁਮਾਰ ਮਹਾਜਨ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 420 (ਧੋਖਾਧੜੀ), 465 (ਜਾਲਸਾਜ਼ੀ), 468 (ਧੋਖਾਧੜੀ ਲਈ ਜਾਲਸਾਜ਼ੀ) ਅਤੇ 471 (ਜਾਲਸਾਜ਼ ਦਸਤਾਵੇਜ਼ ਦੀ ਵਰਤੋਂ) ਤਹਿਤ ਮਾਮਲਾ ਦਰਜ ਕੀਤਾ ਹੈ।
ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਨਗਰ ਨਿਗਮ ਦੇ ਹੋਰ ਕਰਮਚਾਰੀ ਜਾਂ ਅਧਿਕਾਰੀ ਵੀ ਇਸ ਕਥਿਤ ਘਪਲੇ ਵਿੱਚ ਸ਼ਾਮਲ ਸਨ। ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਹੋਰ ਨਾਂ ਵੀ ਸਾਹਮਣੇ ਆ ਸਕਦੇ ਹਨ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਰੇ ਦਸਤਾਵੇਜ਼ ਅਤੇ ਰਿਕਾਰਡ ਖੰਗਾਲੇ ਜਾ ਰਹੇ ਹਨ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
















