ਅੰਮ੍ਰਿਤਸਰ, 25 ਸਤੰਬਰ (ਫੁੱਲਜੀਤ ਸਿੰਘ ਵਰਪਾਲ)- ‘ਨਸ਼ਾ ਮੁਕਤ ਪੰਜਾਬ’ ਯਾਤਰਾ ਦੇ ਵਿਧਾਨ ਸਭਾ ਹਲਕਾ ਦੱਖਣੀ ਵਿੱਚ ਪਹੁੰਚਣ ’ਤੇ ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂ ਹਰਜਿੰਦਰ ਸਿੰਘ ਠੇਕੇਦਾਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸਮਰਥਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਠੇਕੇਦਾਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਇਸ ਯਾਤਰਾ ਨੂੰ ਪੂਰੇ ਪੰਜਾਬ ਵਿੱਚ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਕਾਰਨ ਚਿੰਤਤ ਪੰਜਾਬ ਵਾਸੀਆਂ ਨੂੰ ਇਸ ਮੁਹਿੰਮ ਰਾਹੀਂ ਨਸ਼ਿਆਂ ਦੇ ਖ਼ਾਤਮੇ ਦੀ ਆਸ ਦੀ ਕਿਰਨ ਦਿਖਾਈ ਦਿੱਤੀ ਹੈ।
ਠੇਕੇਦਾਰ ਨੇ ਕਿਹਾ ਕਿ ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਪੱਧਰ ’ਤੇ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਨੇ ਹੁਣ ਤੱਕ ਸੂਬੇ ਦੇ ਲੋਕਾਂ ਅਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਦਾ ਭਾਰੀ ਨੁਕਸਾਨ ਕੀਤਾ ਹੈ।
ਉਨ੍ਹਾਂ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਨਾਲ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਵਹਾਰ ਕਾਰਨ ਲੋਕਾਂ ਦਾ ਸਰਕਾਰ ਤੋਂ ਨਸ਼ਿਆਂ ਦੇ ਖ਼ਾਤਮੇ ਸਬੰਧੀ ਭਰੋਸਾ ਘਟਿਆ ਹੈ। ਇਸ ਮੌਕੇ ਹਰਜਿੰਦਰ ਸਿੰਘ ਠੇਕੇਦਾਰ ਵੱਲੋਂ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸੀਨੀਅਰ ਆਗੂ ਅਰਵਿੰਦਰ ਸਿੰਘ ਲਵਲੀ, ਸਾਬਕਾ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਅਜੇਬੀਰਪਾਲ ਸਿੰਘ ਰੰਧਾਵਾ, ਮਨਿੰਦਰਜੀਤ ਸਿੰਘ ਠੇਕੇਦਾਰ, ਜਸਵਿੰਦਰ ਸਿੰਘ, ਕੁਲਵੰਤ ਸਿੰਘ ਬੇਦੀ, ਅਸ਼ੋਕ ਕੁਮਾਰ, ਸ਼ਰੁਤੀ ਅਰੋੜਾ, ਮਨੋਹਰ ਸਿੰਘ, ਸੰਦੀਪ ਸਿੰਘ ਸ਼ੈਰੀ, ਹਰੀ ਓਮ, ਜੁਗਰਾਜ ਸਿੰਘ, ਰਾਜਨ ਬੱਬਰ, ਸਾਹਿਬ ਸਿੰਘ, ਸੰਜੀਵ ਸ਼ਰਮਾ, ਬੋਨੀ ਵਾਲੀਆ, ਰਾਜਕੁਮਾਰ ਰਿੰਕੂ, ਰਾਜਨ ਸੋਨੀ, ਰਮੇਸ਼ ਕੁਮਾਰ, ਹਨੀ, ਹਰਜਿੰਦਰ ਸਿੰਘ ਪੱਪੂ, ਹਰਦਿਆਲ ਸਿੰਘ, ਰਮੇਸ਼ ਸ਼ਰਮਾ, ਵਿਸ਼ਾਲ, ਕੌਸ਼ਲ, ਡਾ. ਬਿਕਰਮ ਸਿੰਘ, ਡਿੰਪੀ, ਸੁਰਜ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸਮਰਥਕ ਹਾਜ਼ਰ ਸਨ।
















