ਫਿਰੋਜ਼ਪੁਰ, (ਰਾਜੀਵ ਕੁਮਾਰ), 22 ਅਗਸਤ 2026: ਲਾਇਨਜ਼ ਕਲੱਬ ਫਿਰੋਜ਼ਪੁਰ ਬਾਰਡਰ ਵੱਲੋਂ ਚੌਥਾ ਸ਼ਾਦੀ ਰਾਮ ਨੰਦ ਲਾਲ ਮੈਮੋਰੀਅਲ ਭਾਸ਼ਣ ਮੁਕਾਬਲਾ-2026 ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸ਼ਹਿਰ ਦੇ ਵੱਖ-ਵੱਖ ਪ੍ਰਮੁੱਖ ਸਕੂਲਾਂ ਦੇ 65 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਸਮਕਾਲੀ ਵਿਸ਼ਿਆਂ ’ਤੇ ਆਪਣੇ ਵਿਚਾਰ ਪੇਸ਼ ਕੀਤੇ।
ਜਾਣਕਾਰੀ ਦਿੰਦਿਆਂ ਲਾਇਨਜ਼ ਕਲੱਬ ਫਿਰੋਜ਼ਪੁਰ ਬਾਰਡਰ ਦੇ ਪ੍ਰਧਾਨ ਲਾਇਨ ਆਸ਼ੀਸ਼ ਅਗਰਵਾਲ ਨੇ ਦੱਸਿਆ ਕਿ ਸੇਂਟ ਜੋਸਫ਼ ਕਾਨਵੈਂਟ ਸਕੂਲ, ਦਿਸ਼ਾ ਪਬਲਿਕ ਸਕੂਲ, ਸ਼ਾਂਤੀ ਵਿਦਿਆ ਮੰਦਰ, ਜੋਗਿੰਦਰਾ ਕਾਨਵੈਂਟ ਸਕੂਲ, ਦਿੱਲੀ ਪਬਲਿਕ ਸਕੂਲ, ਡੀ.ਸੀ. ਮਾਡਲ ਸਕੂਲ, ਦਾਸ ਐਂਡ ਬ੍ਰਾਊਨ ਵਰਲਡ ਸਕੂਲ, ਡੀ.ਸੀ. ਮਾਡਲ ਇੰਟਰਨੈਸ਼ਨਲ ਸਕੂਲ, ਵਿਵੇਕਾਨੰਦ ਵਰਲਡ ਸਕੂਲ ਅਤੇ ਆਰ.ਐਸ.ਡੀ. ਸਕੂਲ ਦੇ ਵਿਦਿਆਰਥੀਆਂ ਨੇ ਮੁਕਾਬਲੇ ਵਿੱਚ ਹਿੱਸਾ ਲਿਆ।
ਅੰਤਿਮ ਨਤੀਜਿਆਂ ਦੀ ਘੋਸ਼ਣਾ ਤੋਂ ਪਹਿਲਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਭਾਸ਼ਣ ਮੁਕਾਬਲਿਆਂ ਵਿੱਚ ਬਿਹਤਰ ਪ੍ਰਦਰਸ਼ਨ ਲਈ ਮਹੱਤਵਪੂਰਨ ਸੁਝਾਅ ਦਿੱਤੇ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ਼ ਭਾਸ਼ਣ ਯਾਦ ਕਰਨ ਦੀ ਬਜਾਏ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਜੇਕਰ ਭਾਸ਼ਣ ਦੌਰਾਨ ਕੋਈ ਹਿੱਸਾ ਭੁੱਲ ਵੀ ਜਾਵੇ ਤਾਂ ਘਬਰਾਉਣ ਦੀ ਬਜਾਏ ਆਤਮ-ਵਿਸ਼ਵਾਸ ਨਾਲ ਅੱਗੇ ਵਧਣਾ ਚਾਹੀਦਾ ਹੈ ਅਤੇ ਲੋੜ ਪੈਣ ’ਤੇ ਭਾਸ਼ਣ ਨੂੰ ਨਤੀਜੇ ਵੱਲ ਲੈ ਕੇ ਜਾਣਾ ਚਾਹੀਦਾ ਹੈ।
ਡਾ. ਸੰਧੂ ਨੇ ਦਰਸ਼ਕਾਂ ਨਾਲ ਅੱਖਾਂ ਮਿਲਾ ਕੇ ਗੱਲ ਕਰਨ, ਸਿਰਫ਼ ਧਿਆਨ ਖਿੱਚਣ ਲਈ ਬੇਲੋੜੇ ਸਵਾਲ ਨਾ ਪੁੱਛਣ, ਬੋਲਣ ਸਮੇਂ ਢੁੱਕਵੇਂ ਹਾਵ-ਭਾਵ ਵਰਤਣ ਅਤੇ ਭਾਸ਼ਣ ਨੂੰ ਪ੍ਰਭਾਵਸ਼ਾਲੀ ਪੰਚ ਲਾਈਨ ਨਾਲ ਸਮਾਪਤ ਕਰਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲਿਆਂ ਦਾ ਮਕਸਦ ਸਿਰਫ਼ ਜਿੱਤਣਾ ਨਹੀਂ, ਸਗੋਂ ਸਿੱਖਣਾ, ਆਤਮ-ਵਿਸ਼ਵਾਸ ਵਧਾਉਣਾ ਅਤੇ ਸੰਚਾਰ ਦੇ ਹੁਨਰ ਨੂੰ ਬਿਹਤਰ ਬਣਾਉਣਾ ਵੀ ਹੈ।
ਡਾ. ਜਗਦੀਪ ਸਿੰਘ ਸੰਧੂ ਦੀ ਅਗਵਾਈ ਵਾਲੀ ਜੂਰੀ ਨੇ ਨਤੀਜਿਆਂ ਦਾ ਐਲਾਨ ਕਰਦਿਆਂ ਸੇਂਟ ਜੋਸਫ਼ ਕਾਨਵੈਂਟ ਸਕੂਲ ਦੀ ਭਵਿਆ ਸਰਕਾਰ ਨੂੰ ਪਹਿਲਾ, ਦਿੱਲੀ ਪਬਲਿਕ ਸਕੂਲ ਦੀ ਚੇਰਿਸ਼ ਢੀਂਗਰਾ ਨੂੰ ਦੂਜਾ ਅਤੇ ਜੋਗਿੰਦਰਾ ਕਾਨਵੈਂਟ ਸਕੂਲ ਦੀ ਗੁਰਜੋਤ ਕੌਰ ਨੂੰ ਤੀਜਾ ਸਥਾਨ ਦਿੱਤਾ। ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ ਅਤੇ ਨਕਦ ਇਨਾਮ ਪ੍ਰਦਾਨ ਕੀਤੇ ਗਏ।
ਸੇਂਟ ਜੋਸਫ਼ ਕਾਨਵੈਂਟ ਸਕੂਲ ਦੇ ਮਾਨਵਿਕ ਚੋਪੜਾ, ਦਾਸ ਐਂਡ ਬ੍ਰਾਊਨ ਵਰਲਡ ਸਕੂਲ ਦੀ ਕ੍ਰਿਤਿਕਾ ਅਤੇ ਡੀ.ਸੀ. ਮਾਡਲ ਇੰਟਰਨੈਸ਼ਨਲ ਸਕੂਲ ਦੀ ਐਸ਼ਦੀਪ ਕੌਰ ਨੂੰ ਹੌਸਲਾ-ਅਫ਼ਜ਼ਾਈ ਇਨਾਮ ਅਤੇ ਨਕਦ ਇਨਾਮ ਦਿੱਤੇ ਗਏ। ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਤੋਹਫ਼ੇ ਵੀ ਦਿੱਤੇ ਗਏ।
ਇਸ ਮੁਕਾਬਲੇ ਦੀ ਸਫ਼ਲਤਾ ਲਈ ਲਾਇਨਜ਼ ਕਲੱਬ ਫਿਰੋਜ਼ਪੁਰ ਬਾਰਡਰ ਦੀ ਪੂਰੀ ਟੀਮ ਨੇ ਮਹੱਤਵਪੂਰਨ ਯੋਗਦਾਨ ਪਾਇਆ। ਟੀਮ ਵਿੱਚ ਲਾਇਨ ਮੋਹਿਤ ਗਰਗ, ਲਾਇਨ ਦੀਪਕ ਗੁਪਤਾ, ਲਾਇਨ ਗੁਰਪ੍ਰੀਤ ਸਿੰਘ ਖਰਬੰਦਾ, ਲਾਇਨ ਆਸ਼ੀਸ਼ ਸ਼ਰਮਾ, ਲਾਇਨ ਅਕਸ਼ੈ ਮਾਣਿਕ, ਲਾਇਨ ਡਾ. ਰੋਹਿਤ ਗਰਗ, ਲਾਇਨ ਸੌਰਵੀ ਪੁਰੀ, ਲਾਇਨ ਅੰਕੁਰ ਚੋਪੜਾ, ਲਾਇਨ ਲਵ ਛਾਬੜਾ, ਲਾਇਨ ਗਗਨਦੀਪ ਸਿੰਘ, ਲਾਇਨ ਸਰਪ੍ਰੀਤ ਸਿੰਘ, ਲਾਇਨ ਦੀਪਕ ਮੰਗਲ ਅਤੇ ਲਾਇਨ ਡਾ. ਗੌਰਵ ਲੂਥਰਾ ਸ਼ਾਮਲ ਸਨ।
















