ਮੋਗਾ,18 ਅਗਸਤ ( ਕੇ.ਐਲ. ਜੀਤ ਵਾਲੀਆ) -15 ਅਗਸਤ 2026 ਨੂੰ ਕੌਮੀ ਇਨਸਾਫ ਮੋਰਚਾ ਮੋਹਾਲੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਕਿਸਾਨ ਅਤੇ ਸਿੱਖ ਆਗੂਆਂ ਸਮੇਤ ਕਈ ਸਿੰਘਾਂ ਖ਼ਿਲਾਫ਼ FIR ਦਰਜ ਕੀਤੇ ਜਾਣ ਦੀ ਕੌਮੀ ਇਨਸਾਫ ਮੋਰਚੇ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ,ਮੋਰਚੇ ਨਾਲ ਜੁੜੇ ਆਗੂਆਂ ਅਨੁਸਾਰ ਬਾਪੂ ਗੁਰਚਰਨ ਸਿੰਘ, ਜਥੇਦਾਰ ਗੁਰਦੀਪ ਸਿੰਘ ਬਠਿੰਡਾ, ਕਿਸਾਨ ਆਗੂ ਸੁੱਖ ਗਿੱਲ ਮੋਗਾ, ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ, ਕਿਸਾਨ ਆਗੂ ਸੁਰਜੀਤ ਸਿੰਘ ਫੂਲ, ਕਿਸਾਨ ਆਗੂ ਸੁਖਜਿੰਦਰ ਸਿੰਘ ਖੋਸਾ, ਭਾਨਾ ਸਿੱਧੂ, ਲੱਖਾ ਸਿਧਾਣਾ,ਅਮਿਤੋਜ ਮਾਨ,ਬਾਬਾ ਰਾਜਾ ਰਾਜ ਸਿੰਘ,ਪਾਲ ਸਿੰਘ ਫਰਾਂਸ,ਬਲਜੀਤ ਸਿੰਘ ਖਾਲਸਾ,ਨਵਦੀਪ ਸਿੰਘ ਜਲਬੇੜਾ,ਸਮੇਤ ਕਈ ਹੋਰ ਸਿੰਘਾਂ ਦੇ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ,ਆਗੂਆਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਨਾ ਅਤੇ ਆਪਣੀਆਂ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਆਵਾਜ਼ ਬੁਲੰਦ ਕਰਨਾ ਲੋਕਤੰਤਰਿਕ ਹੱਕ ਹੈ। ਇਸ ਤਰ੍ਹਾਂ ਦੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਸੰਗੀਨ ਧਾਰਾਵਾਂ ਲਗਾ ਕੇ ਪੰਜ ਕਕਾਰਾਂ ਵਿੱਚ ਸ਼ਾਮਿਲ ਸ਼੍ਰੀ ਸਾਹਿਬ ਨੂੰ ਆਰਮ ਐਕਟ ਚ ਲਿਆਕੇ FIR ਦਰਜ ਕਰਨਾ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ,ਮੋਰਚੇ ਵੱਲੋਂ ਦੋਸ਼ ਲਗਾਇਆ ਗਿਆ ਕਿ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਰੱਖ ਰਹੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ,ਆਗੂਆਂ ਨੇ ਮੰਗ ਕੀਤੀ ਕਿ ਦਰਜ ਕੀਤੀਆਂ FIRs ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇਕਰ ਕੋਈ ਗਲਤ ਜਾਂ ਬੇਬੁਨਿਆਦ ਧਾਰਾਵਾਂ ਲਗਾਈਆਂ ਗਈਆਂ ਹਨ ਤਾਂ ਉਨ੍ਹਾਂ ਨੂੰ ਤੁਰੰਤ ਰੱਦ ਕੀਤਾ ਜਾਵੇ,ਕਿਸਾਨ ਆਗੂ ਸੁੱਖ ਗਿੱਲ ਮੋਗਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਸਿਰਫ਼ ਕਿਸੇ ਇੱਕ ਵਿਅਕਤੀ ਜਾਂ ਜਥੇਬੰਦੀ ਦਾ ਨਹੀਂ,ਸਗੋਂ ਇਨਸਾਫ਼, ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦੀ ਬਰਾਬਰ ਲਾਗੂ ਹੋਣ ਨਾਲ ਜੁੜਿਆ ਮਸਲਾ ਹੈ,ਸਰਕਾਰ ਨੂੰ ਚਾਹੀਦਾ ਹੈ ਕਿ ਦਬਾਅ ਦੀ ਨੀਤੀ ਦੀ ਬਜਾਏ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਿਆ ਜਾਵੇ,ਕੌਮੀ ਇਨਸਾਫ ਮੋਰਚੇ ਨੇ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ 15 ਅਗਸਤ ਦੇ ਸ਼ਾਂਤਮਈ ਪ੍ਰਦਰਸ਼ਨ ਨਾਲ ਸਬੰਧਤ ਦਰਜ ਕੀਤੀਆਂ FIRs ਦੀ ਸਮੀਖਿਆ ਕਰਕੇ ਬੇਕਸੂਰ ਲੋਕਾਂ ਖ਼ਿਲਾਫ਼ ਕਾਰਵਾਈ ਵਾਪਸ ਲਈ ਜਾਵੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਦਾ ਤੁਰੰਤ ਹੱਲ ਕੀਤਾ ਜਾਵੇ।
















