ਸੇਵਾ ਮੁਕਤ ਪਟਵਾਰੀ, ਕਾਨੂੰਗੋ ਅਤੇ ਨਾਇਬ ਤਹਿਸੀਲਦਾਰ ਵੱਡੀ ਗਿਣਤੀ ਵਿੱਚ ਹੋਣਗੇ ਸ਼ਾਮਲ
ਸ਼੍ਰੀ ਅੰਮ੍ਰਿਤਸਰ ਸਾਹਿਬ, 5 ਅਗਸਤ (ਭੁੱਲਰ ਦੇਵੀਦਾਸਪੁਰੀਆ): ਰਿਟਾਇਰ ਪਟਵਾਰੀ, ਕਾਨੂੰਗੋ ਅਤੇ ਨਾਇਬ ਤਹਿਸੀਲਦਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰ. ਨਿਰਮਲਜੀਤ ਸਿੰਘ ਬਾਜਵਾ ਅਤੇ ਬੁਲਾਰੇ ਸ੍ਰ. ਕੁਲਵੰਤ ਸਿੰਘ ਡੇਹਰੀਵਾਲ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਪੰਜਾਬ ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਪੰਜਾਬ ਦੇ ਸੱਦੇ ’ਤੇ 7 ਅਗਸਤ ਨੂੰ ਸੈਕਟਰ-39 ਦਾਣਾ ਮੰਡੀ, ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਮਹਾਂ ਰੈਲੀ ਕੀਤੀ ਜਾਵੇਗੀ।

ਉਨ੍ਹਾਂ ਦਾਅਵਾ ਕੀਤਾ ਕਿ ਇਹ ਰੈਲੀ 1947 ਤੋਂ ਬਾਅਦ ਪੰਜਾਬ ਦੇ ਮੁਲਾਜ਼ਮਾਂ ਦੀ ਸਭ ਤੋਂ ਵੱਡੀ ਇਤਿਹਾਸਕ ਰੈਲੀ ਸਾਬਤ ਹੋਵੇਗੀ। ਇਸ ਵਿੱਚ ਸੂਬੇ ਭਰ ਤੋਂ ਸੇਵਾ ਮੁਕਤ ਪਟਵਾਰੀ, ਕਾਨੂੰਗੋ ਅਤੇ ਨਾਇਬ ਤਹਿਸੀਲਦਾਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਰੈਲੀ ਦੀਆਂ ਤਿਆਰੀਆਂ ਲਈ ਸਮੁੱਚੇ ਪੰਜਾਬ ਵਿੱਚ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ ਅਤੇ ਸੇਵਾ ਮੁਕਤ ਮੁਲਾਜ਼ਮਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਬਾਜਵਾ ਅਤੇ ਡੇਹਰੀਵਾਲ ਨੇ ਕਿਹਾ ਕਿ ਜੇਕਰ ਇਸ ਮਹਾਂ ਰੈਲੀ ਤੋਂ ਬਾਅਦ ਵੀ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਅਗਲੇ ਸਖ਼ਤ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।
















