ਅੰਮ੍ਰਿਤਸਰ, 26 ਜੁਲਾਈ (ਸ਼ਾਮ ਸੁੰਦਰ):
ਕਿਲਾ ਗੋਬਿੰਦਗੜ੍ਹ ਦੇ ਸਾਹਮਣੇ ਸਥਿਤ ਪਾਰਕਿੰਗ ਕੰਪਲੈਕਸ ਵਿੱਚ ਨਵੇਂ ਫੂਡ ਕੋਰਟ ‘ਜਾਇਕਾ ਦਰਬਾਰ’ ਦਾ ਸ਼ੁਭ ਉਦਘਾਟਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸ਼ਰਧਾ ਅਤੇ ਧਾਰਮਿਕ ਭਾਵਨਾਵਾਂ ਨਾਲ ਕੀਤਾ ਗਿਆ। ਇਸ ਮੌਕੇ ਪੰਜਾਬੀ ਕਲਚਰਲ ਫਾਊਂਡੇਸ਼ਨ ਦੇ ਸੰਸਥਾਪਕ ਅਸ਼ਵਨੀਪਾਲ ਸਿੰਘ ਨੇ ਰਸਮੀ ਤੌਰ ’ਤੇ ਉਦਘਾਟਨ ਕੀਤਾ।
ਇਸ ਮੌਕੇ ਅਸ਼ਵਨੀਪਾਲ ਸਿੰਘ ਨੇ ਕਿਹਾ ਕਿ ਜਾਇਕਾ ਦਰਬਾਰ ਵਿੱਚ ਇੱਕੋ ਛੱਤ ਹੇਠ ਹਰ ਤਰ੍ਹਾਂ ਦੇ ਲਜ਼ੀਜ਼ ਪਕਵਾਨ ਅਤੇ ਵੱਖ-ਵੱਖ ਕਿਸਮਾਂ ਦੀ ਫੂਡ ਵੈਰਾਇਟੀ ਉਪਲਬਧ ਕਰਵਾਈ ਗਈ ਹੈ, ਤਾਂ ਜੋ ਹਰ ਉਮਰ ਵਰਗ ਅਤੇ ਹਰ ਸਵਾਦ ਨੂੰ ਪਸੰਦ ਕਰਨ ਵਾਲੇ ਲੋਕਾਂ ਨੂੰ ਬਿਹਤਰ ਚੋਣ ਮਿਲ ਸਕੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਸਮੇਤ ਇੱਕ ਵਾਰ ਜ਼ਰੂਰ ਜਾਇਕਾ ਦਰਬਾਰ ਆਉਣ ਅਤੇ ਇੱਥੋਂ ਦੇ ਸੁਆਦੀ ਪਕਵਾਨਾਂ ਦਾ ਆਨੰਦ ਮਾਣਣ।
ਉਨ੍ਹਾਂ ਕਿਹਾ ਕਿ ਪੰਜਾਬੀ ਕਲਚਰਲ ਫਾਊਂਡੇਸ਼ਨ ਹਮੇਸ਼ਾ ਹੀ ਪੰਜਾਬੀ ਸੱਭਿਆਚਾਰ, ਵਿਰਾਸਤ ਅਤੇ ਪੰਜਾਬੀ ਭਾਸ਼ਾ ਦੇ ਸੰਭਾਲ ਅਤੇ ਪ੍ਰਚਾਰ-ਪ੍ਰਸਾਰ ਲਈ ਕਾਰਜਸ਼ੀਲ ਰਹੀ ਹੈ। ਭਵਿੱਖ ਵਿੱਚ ਵੀ ਸੰਸਥਾ ਦਾ ਮੁੱਖ ਉਦੇਸ਼ ਪੰਜਾਬੀ ਵਿਰਾਸਤ ਨੂੰ ਸੰਭਾਲਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਰਹੇਗਾ।
ਉਦਘਾਟਨ ਸਮਾਗਮ ਦੌਰਾਨ ਹਾਜ਼ਰ ਮਹਿਮਾਨਾਂ ਨੇ ਜਾਇਕਾ ਦਰਬਾਰ ਦੀ ਵਿਲੱਖਣ ਸੋਚ ਦੀ ਸ਼ਲਾਘਾ ਕਰਦਿਆਂ ਇਸ ਨੂੰ ਸ਼ਹਿਰ ਵਾਸੀਆਂ ਲਈ ਇੱਕ ਬਿਹਤਰੀਨ ਪਰਿਵਾਰਕ ਫੂਡ ਡੈਸਟੀਨੇਸ਼ਨ ਕਰਾਰ ਦਿੱਤਾ। ਸਮਾਗਮ ਦੇ ਅੰਤ ਵਿੱਚ ਸਭ ਦੀ ਖੁਸ਼ਹਾਲੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਜਾਇਕਾ ਦਰਬਾਰ ਵੱਲੋਂ ਕੁਲਵੰਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
















