ਅੰਮ੍ਰਿਤਸਰ, 24 ਜੁਲਾਈ( ਕੇ.ਐਲ. ਜੀਤ ਵਾਲੀਆ)-ਯੰਗ ਮਲੰਗ ਥੀਏਟਰ ਵੈਲਫੇਅਰ ਸੋਸਾਇਟੀ ਵੱਲੋਂ ਆਸਰ, ਕਲੀਨ ਏਅਰ ਪੰਜਾਬ, ਏਅਰਕੇਅਰ ਸੈਂਟਰ, ਸਾਂਝ ਪੰਜਾਬ, ਖਾਲਸਾ ਯੂਨੀਵਰਸਿਟੀ ਅਤੇ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੇ ਸਹਿਯੋਗ ਨਾਲ ਪੰਜਾਬੀ ਸਮਾਜਿਕ ਨਾਟਕ ‘ਤਪਸ਼ (Heat Wave)’ ਦਾ ਮੰਚਨ 28 ਜੁਲਾਈ 2026 ਨੂੰ ਦੁਪਹਿਰ 3 ਵਜੇ ਖਾਲਸਾ ਯੂਨੀਵਰਸਿਟੀ ਦੇ ਆਡੀਟੋਰੀਅਮ, ਜੀ.ਟੀ. ਰੋਡ, ਅੰਮ੍ਰਿਤਸਰ ਵਿਖੇ ਕੀਤਾ ਜਾਵੇਗਾ।
ਨਾਟਕ ‘ਤਪਸ਼’ ਦੇ ਲੇਖਕ ਦਵਿੰਦਰ ਗਿੱਲ ਹਨ, ਜਦਕਿ ਇਸ ਦੀ ਪਰਿਕਲਪਨਾ ਸਨਮ ਸੁਤੀਰਥ ਵਜ਼ੀਰ ਨੇ ਕੀਤੀ ਹੈ। ਨਾਟਕ ਦਾ ਨਿਰਦੇਸ਼ਨ ਪ੍ਰਸਿੱਧ ਰੰਗਕਰਮੀ ਸਾਜਨ ਕਪੂਰ ਕਰ ਰਹੇ ਹਨ ਅਤੇ ਹਾਰੂਨ ਅਰੋੜਾ ਸਹਾਇਕ ਨਿਰਦੇਸ਼ਕ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਆਯੋਜਕਾਂ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਵੱਧ ਰਹੀ ਗਰਮੀ, ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਨਾਲ ਜੁੜੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਨਾਟਕ ਤਿਆਰ ਕੀਤਾ ਗਿਆ ਹੈ। ਵਿਅੰਗ, ਹਾਸੇ ਅਤੇ ਭਾਵਨਾਤਮਕ ਪਲਾਂ ਰਾਹੀਂ ਇਹ ਪੇਸ਼ਕਾਰੀ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਕੁਦਰਤ ਦੀ ਸੰਭਾਲ ਅਤੇ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਵੀ ਜਾਗਰੂਕ ਕਰੇਗੀ।
ਨਿਰਦੇਸ਼ਕ ਸਾਜਨ ਕਪੂਰ ਅਤੇ ਯੰਗ ਮਲੰਗ ਥੀਏਟਰ ਵੈਲਫੇਅਰ ਸੋਸਾਇਟੀ ਦੀ ਸਮੁੱਚੀ ਟੀਮ ਨੇ ਸ਼ਹਿਰ ਵਾਸੀਆਂ, ਰੰਗਮੰਚ ਪ੍ਰੇਮੀਆਂ ਅਤੇ ਪਰਿਵਾਰਾਂ ਨੂੰ ਇਸ ਵਿਸ਼ੇਸ਼ ਨਾਟਕ ਪੇਸ਼ਕਾਰੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਰਸ਼ਕਾਂ ਦੀ ਹਾਜ਼ਰੀ ਕਲਾਕਾਰਾਂ ਦਾ ਹੌਸਲਾ ਵਧਾਏਗੀ ਅਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਇਸ ਉਪਰਾਲੇ ਨੂੰ ਹੋਰ ਮਜ਼ਬੂਤੀ ਦੇਵੇਗੀ।
















