ਭਾਰਤ-ਆਸਟਰੇਲੀਆ ਦੇ ਵਪਾਰਕ ਅਤੇ ਦੋਸਤਾਨਾ ਸਬੰਧ ਹੋਰ ਮਜ਼ਬੂਤ ਹੋਣਗੇ : ਹਰਪ੍ਰੀਤ ਸਿੰਘ ਮਰਵਾਹਾ
ਅੰਮ੍ਰਿਤਸਰ, 9 ਜੁਲਾਈ (ਕੇ.ਐਲ. ਜੀਤ ਵਾਲੀਆ):
ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਦੇ ਆਸਟਰੇਲੀਆ (ਮੈਲਬੌਰਨ) ਚੈਪਟਰ ਦੇ ਚੇਅਰਮੈਨ ਸ੍ਰ. ਹਰਪ੍ਰੀਤ ਸਿੰਘ ਮਰਵਾਹਾ ਅਤੇ ਚੈਂਬਰ ਦੇ ਹੋਰ ਅਹੁਦੇਦਾਰਾਂ ਨੇ ਆਸਟਰੇਲੀਆ ਦੌਰੇ ’ਤੇ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਨਿੱਘਾ ਅਤੇ ਜੋਸ਼ੀਲਾ ਸਵਾਗਤ ਕੀਤਾ।
ਇਸ ਮੌਕੇ ਸ੍ਰ. ਹਰਪ੍ਰੀਤ ਸਿੰਘ ਮਰਵਾਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਸਟਰੇਲੀਆ ਦੌਰਾ ਭਾਰਤ ਅਤੇ ਆਸਟਰੇਲੀਆ ਵਿਚਕਾਰ ਦੋਸਤਾਨਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਇਸ ਦੌਰੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਨਿਵੇਸ਼ ਅਤੇ ਕਾਰੋਬਾਰੀ ਸਾਂਝ ਵਿੱਚ ਹੋਰ ਵਾਧਾ ਹੋਣ ਦੀਆਂ ਉਮੀਦਾਂ ਹਨ, ਜਿਸ ਦਾ ਲਾਭ ਦੋਵਾਂ ਮੁਲਕਾਂ ਦੇ ਵਪਾਰਕ ਭਾਈਚਾਰੇ ਨੂੰ ਮਿਲੇਗਾ।

ਉਨ੍ਹਾਂ ਦੱਸਿਆ ਕਿ ਆਸਟਰੇਲੀਆ, ਖ਼ਾਸ ਕਰਕੇ ਮੈਲਬੌਰਨ ਵਿੱਚ ਵਸਦੇ ਭਾਰਤੀ ਅਤੇ ਸਿੱਖ ਭਾਈਚਾਰੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਆਪਣੇ ਸਵਾਗਤ ਲਈ ਵਫ਼ਦ ਦਾ ਧੰਨਵਾਦ ਕਰਨਾ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਦੇ ਮੈਂਬਰਾਂ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ।
ਸ੍ਰ. ਮਰਵਾਹਾ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਅਤੇ ਆਸਟਰੇਲੀਆ ਦਰਮਿਆਨ ਆਰਥਿਕ, ਵਪਾਰਕ ਅਤੇ ਸੱਭਿਆਚਾਰਕ ਸਬੰਧ ਹੋਰ ਮਜ਼ਬੂਤ ਹੋਣਗੇ ਅਤੇ ਦੋਵੇਂ ਦੇਸ਼ ਮਿਲ ਕੇ ਨਵੀਆਂ ਸੰਭਾਵਨਾਵਾਂ ਦੇ ਰਾਹ ਖੋਲ੍ਹਣਗੇ।
















