ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਨੇ ਭਗਵੰਤ ਮਾਨ ਸਰਕਾਰ ’ਤੇ ਬੋਲੇ ਤਿੱਖੇ ਹਮਲੇ
ਅੰਮ੍ਰਿਤਸਰ, 2 ਜੁਲਾਈ – (ਪ.ਪ.)-ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਮਮਤਾ ਦੱਤਾ ਨੇ ਪੰਜਾਬ ਸਰਕਾਰ ’ਤੇ ਮਹਿਲਾਵਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਰ 18 ਸਾਲ ਤੋਂ ਵੱਧ ਉਮਰ ਦੀ ਮਹਿਲਾ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਦੀ ਗਰੰਟੀ ਦਿੱਤੀ ਸੀ, ਪਰ ਸਰਕਾਰ ਇਸ ਵਾਅਦੇ ’ਤੇ ਖਰੀ ਨਹੀਂ ਉਤਰੀ।
ਮਮਤਾ ਦੱਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੋਣਾਂ ਦੌਰਾਨ ਮਹਿਲਾਵਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਉਪਰੰਤ ਹਰ ਯੋਗ ਮਹਿਲਾ ਦੇ ਬੈਂਕ ਖਾਤੇ ਵਿੱਚ ਹਰ ਮਹੀਨੇ 1000 ਰੁਪਏ ਭੇਜੇ ਜਾਣਗੇ।
ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਬਣਨ ਦੇ ਲਗਭਗ 55 ਮਹੀਨੇ ਬੀਤ ਜਾਣ ਦੇ ਬਾਵਜੂਦ ਮਹਿਲਾਵਾਂ ਦੇ ਖਾਤਿਆਂ ਵਿੱਚ ਸਿਰਫ 3000 ਰੁਪਏ ਹੀ ਜਮ੍ਹਾਂ ਕਰਵਾਏ ਗਏ ਹਨ, ਜੋ ਔਸਤਨ ਕਰੀਬ 50 ਰੁਪਏ ਪ੍ਰਤੀ ਮਹੀਨਾ ਬਣਦੇ ਹਨ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਵਾਅਦੇ ਤੋਂ ਮੁੱਕਰਨਾ ਹੈ, ਸਗੋਂ ਪੰਜਾਬ ਦੀਆਂ ਮਹਿਲਾਵਾਂ ਨਾਲ ਧੋਖਾ ਅਤੇ ਕੋਝਾ ਮਜ਼ਾਕ ਵੀ ਹੈ।
ਮਮਤਾ ਦੱਤਾ ਨੇ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਹੁਣ ਸਰਕਾਰ ਦੇ ਵਾਅਦਿਆਂ ਅਤੇ ਹਕੀਕਤ ਵਿਚਲਾ ਫਰਕ ਸਮਝ ਚੁੱਕੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਜਵਾਬ ਲੋਕਤੰਤਰੀ ਢੰਗ ਨਾਲ ਦੇਣਗੀਆਂ।
















