ਪ੍ਰਕਾਸ਼ ਪੁਰਬ ਮੌਕੇ ਆਲ ਮੁਸਲਿਮ ਵੈਲਫੇਅਰ ਸੋਸਾਇਟੀ ਇੰਡੀਆ ਵੱਲੋਂ ਫਲਾਂ ਦਾ ਲੰਗਰ ਲਗਾਇਆ ਗਿਆ
ਅੰਮ੍ਰਿਤਸਰ, 30 ਜੂਨ (ਕੇ.ਐਲ. ਜੀਤ ਵਾਲੀਆ) – ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂ ਕੀ ਵਡਾਲੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਲ ਮੁਸਲਿਮ ਵੈਲਫੇਅਰ ਸੋਸਾਇਟੀ ਇੰਡੀਆ ਦੇ ਪ੍ਰਧਾਨ ਮਾਣਿਕ ਅਲੀ ਦੀ ਅਗਵਾਈ ਹੇਠ ਆਮ ਅਤੇ ਕੇਲਿਆਂ ਦਾ ਲੰਗਰ ਲਗਾਇਆ ਗਿਆ। ਇਸ ਦੌਰਾਨ ਦੂਰ-ਦੁਰਾਡੇ ਤੋਂ ਪਹੁੰਚੀ ਸੰਗਤ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਲੰਗਰ ਦਾ ਪ੍ਰਸਾਦ ਵੀ ਛਕਿਆ।
ਇਸ ਮੌਕੇ ਸੋਸਾਇਟੀ ਦੇ ਆਗੂਆਂ ਨੇ ਕਿਹਾ ਕਿ ਭਾਰਤ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਆਪਸੀ ਪਿਆਰ, ਭਾਈਚਾਰੇ ਅਤੇ ਧਾਰਮਿਕ ਸਦਭਾਵਨਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਹਰ ਧਰਮ ਦੇ ਤਿਉਹਾਰ ਮਿਲਜੁਲ ਕੇ ਮਨਾਉਣ ਨਾਲ ਸਮਾਜ ਵਿੱਚ ਏਕਤਾ ਅਤੇ ਆਪਸੀ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ।
ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਛੇਹਰਟਾ ਦੇ ਐਸ.ਐਚ.ਓ. ਬਲਵਿੰਦਰ ਸਿੰਘ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਰੇ ਧਰਮ ਆਪਸੀ ਪਿਆਰ, ਸ਼ਾਂਤੀ ਅਤੇ ਮਨੁੱਖਤਾ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਲੋਕਾਂ ਨੂੰ ਸਮਾਜਿਕ ਏਕਤਾ ਅਤੇ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ।
ਇਸ ਮੌਕੇ ਨਸ਼ਾ ਮੁਕਤੀ ਮੋਰਚਾ ਹਲਕਾ ਇੰਚਾਰਜ ਕੁਲਵੰਤ ਸਿੰਘ ਵਡਾਲੀ, ਵਾਰਡ ਪ੍ਰਧਾਨ ਅਵਤਾਰ ਸਿੰਘ, ਬਲਾਕ ਕੋਆਰਡੀਨੇਟਰ ਸੁਖਜਿੰਦਰ ਸਿੰਘ, ਸਤਨਾਮ ਸਿੰਘ ਸੱਤਾ, ਮਜਲਿਸ ਅਹਰਾਰ ਕਮੇਟੀ ਦੇ ਪ੍ਰਧਾਨ ਅਬਦੁਲ ਨੂਰ, ਮੌਲਾਨਾ ਅਬਦੁਲ ਖਾਲਿਕ, ਸ਼ਰੀਫਉੱਦੀਨ, ਮੁਜ਼ੱਫਰ ਖਾਨ, ਡਾ. ਮੋਤੀ ਰਹਿਮਾਨ, ਹਾਫ਼ਿਜ਼ ਹੁਸੈਨ, ਸਰਬਜੀਤ ਸਿੰਘ ਬੱਬੂ, ਸਮੀਰ ਅਲੀ, ਰਿਆਨ ਅਲੀ, ਅਨੀਕਾ ਤਸਨੀਮ, ਹੁਸੈਨਾ ਜੈਸਮੀਨ, ਰੋਮੀਸ਼ਾ ਬੇਗਮ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਅਤੇ ਸੰਗਤ ਹਾਜ਼ਰ ਸਨ।
















