ਅੰਮ੍ਰਿਤਸਰ, 16 ਜੂਨ (ਕੇ.ਐਲ. ਜੀਤ ਵਾਲੀਆ) – ਹਲਕਾ ਨਾਰਥ ਟਰੇਡਰਜ਼ ਕਮਿਸ਼ਨ ਵੱਲੋਂ ਅੱਜ ਲਿਬਰਟੀ ਮਾਰਕੀਟ ਵਿੱਚ ਇੱਕ ਵਿਸ਼ਾਲ ਟਰੇਡਰਜ਼ ਮੀਟ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਰਾਹਿਲ ਖੰਨਾ ਨੇ ਕੀਤੀ। ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਵਪਾਰੀਆਂ ਨੇ ਸ਼ਿਰਕਤ ਕਰਕੇ ਆਪਣੀਆਂ ਸਮੱਸਿਆਵਾਂ ਅਤੇ ਸੁਝਾਅ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੇ।
ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਮਾਰਕੀਟ ਦੇ ਪ੍ਰਧਾਨ ਰਾਜੇਸ਼ ਜੀ, ਮੋਹੀਨ ਖਾਨ ਜੀ, ਨਰੇਸ਼ ਮਹਾਜਨ ਜੀ ਅਤੇ ਹੋਰ ਵਪਾਰਕ ਨੁਮਾਇੰਦਿਆਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਦੇ ਸਹਿਯੋਗ ਨਾਲ ਇਹ ਮੀਟਿੰਗ ਇੱਕ ਪ੍ਰਭਾਵਸ਼ਾਲੀ ਜਨ-ਸੁਣਵਾਈ ਵਜੋਂ ਸੰਪੰਨ ਹੋਈ। ਇਸ ਮੌਕੇ ਹਲਕਾ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।
ਮੀਟਿੰਗ ਵਿੱਚ ਏ.ਸੀ.ਪੀ. ਨਾਰਥ ਗਗਨਦੀਪ ਸਿੰਘ, ਐਸ.ਐਚ.ਓ. ਸਿਵਲ ਲਾਈਨਜ਼ ਗੁਰਪ੍ਰੀਤ ਸਿੰਘ, ਟ੍ਰੈਫਿਕ ਪੁਲਿਸ, ਨਗਰ ਨਿਗਮ, ਇੰਪਰੂਵਮੈਂਟ ਟਰੱਸਟ, ਬਿਜਲੀ ਵਿਭਾਗ ਅਤੇ ਹੋਰ ਸਰਕਾਰੀ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਾਜ਼ਰ ਹੋ ਕੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ।
ਟਰੇਡਰਜ਼ ਕਮਿਸ਼ਨ ਦੀ ਟੀਮ ਦੇ ਮੈਂਬਰ ਪੰਕਜ ਜੀ, ਅਰੁਣ ਬਜਾਜ ਜੀ, ਵਿਜੈ ਚੰਦੋਕ ਜੀ, ਗੌਰਵ ਅਰੋੜਾ ਜੀ, ਰਜਨੀਸ਼ ਜੀ, ਪਵਨ ਜੀ, ਰੂਪਿੰਦਰ ਕਟਾਰੀਆ ਜੀ, ਸੁਖਜਿੰਦਰ ਸੋਨੂ ਜੀ ਅਤੇ ਮੈਡਮ ਚਰਨਜੀਤ ਜੀ ਨੇ ਮੀਟਿੰਗ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਵਪਾਰੀਆਂ ਨਾਲ ਸਰਗਰਮ ਸੰਵਾਦ ਸਥਾਪਿਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਅਧਿਕਾਰੀਆਂ ਸਾਹਮਣੇ ਪ੍ਰਭਾਵਸ਼ਾਲੀ ਢੰਗ ਨਾਲ ਰੱਖਿਆ। ਉਨ੍ਹਾਂ ਦੇ ਸਹਿਯੋਗ ਅਤੇ ਸਮਰਪਣ ਦੀ ਵਪਾਰੀਆਂ ਵੱਲੋਂ ਵਿਸ਼ੇਸ਼ ਸ਼ਲਾਘਾ ਕੀਤੀ ਗਈ।
ਮੀਟਿੰਗ ਦੌਰਾਨ ਵਪਾਰੀਆਂ ਨੇ ਟ੍ਰੈਫਿਕ ਜਾਮ, ਪਾਰਕਿੰਗ ਪ੍ਰਬੰਧ, ਬਿਜਲੀ ਵਿਭਾਗ ਅਤੇ ਨਗਰ ਨਿਗਮ ਨਾਲ ਸਬੰਧਤ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ। ਇਸ ਸਬੰਧੀ ਅਧਿਕਾਰੀਆਂ ਅਤੇ ਵਪਾਰੀਆਂ ਵਿਚਕਾਰ ਵਿਸਥਾਰਪੂਰਵਕ ਚਰਚਾ ਹੋਈ। ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਸਾਰੇ ਮੁੱਦਿਆਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਦਿੱਤਾ।
ਆਪਣੇ ਸੰਬੋਧਨ ਵਿੱਚ ਚੇਅਰਮੈਨ ਰਾਹਿਲ ਖੰਨਾ ਨੇ ਕਿਹਾ ਕਿ ਟਰੇਡਰਜ਼ ਕਮਿਸ਼ਨ ਵਪਾਰੀਆਂ ਅਤੇ ਪ੍ਰਸ਼ਾਸਨ ਵਿਚਕਾਰ ਇੱਕ ਮਜ਼ਬੂਤ ਪੁਲ ਵਜੋਂ ਕੰਮ ਕਰਦਾ ਰਹੇਗਾ ਅਤੇ ਵਪਾਰੀਆਂ ਦੀ ਹਰ ਸਮੱਸਿਆ ਨੂੰ ਸਰਕਾਰ ਅਤੇ ਸਬੰਧਤ ਵਿਭਾਗਾਂ ਤੱਕ ਪਹੁੰਚਾ ਕੇ ਉਨ੍ਹਾਂ ਦੇ ਹੱਲ ਲਈ ਨਿਰੰਤਰ ਯਤਨ ਕਰੇਗਾ।
















