ਅੰਮ੍ਰਿਤਸਰ, 14 ਜੂਨ (ਕੇ.ਐਲ. ਜੀਤ ਵਾਲੀਆ) –
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸਫਲ ਵਿਦੇਸ਼ ਦੌਰੇ ਤੋਂ ਅੰਮ੍ਰਿਤਸਰ ਵਾਪਸ ਪਰਤਣ ’ਤੇ ਸ਼ਹਿਰ ਦੇ ਹਰਮਨ-ਪਿਆਰੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦਾ ਸੀਨੀਅਰ ਕਾਂਗਰਸੀ ਆਗੂ, ਅਰੋੜਾ ਖੱਤਰੀ ਮਹਾਸਭਾ ਪੰਜਾਬ ਦੇ ਪ੍ਰਧਾਨ ਅਤੇ ਸ਼ੇਰ-ਏ-ਪੰਜਾਬ ਕਲੱਬ ਦੇ ਚੇਅਰਮੈਨ ਸੰਜੀਵ ਅਰੋੜਾ ਵੱਲੋਂ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਸੰਜੀਵ ਅਰੋੜਾ ਨੇ ਕਿਹਾ ਕਿ ਸ. ਗੁਰਜੀਤ ਸਿੰਘ ਔਜਲਾ ਨੇ ਅੰਤਰਰਾਸ਼ਟਰੀ ਪੱਧਰ ’ਤੇ ਅੰਮ੍ਰਿਤਸਰ ਅਤੇ ਪੰਜਾਬ ਦਾ ਮਾਣ ਵਧਾਇਆ ਹੈ। ਆਪਣੇ ਵਿਦੇਸ਼ ਦੌਰੇ ਦੌਰਾਨ ਉਨ੍ਹਾਂ ਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ, ਚੁਣੌਤੀਆਂ ਅਤੇ ਭਾਵਨਾਵਾਂ ਨੂੰ ਗੰਭੀਰਤਾ ਨਾਲ ਸੁਣਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬੀਅਤ, ਪੰਜਾਬੀ ਸੱਭਿਆਚਾਰ ਅਤੇ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਲਈ ਸ਼ਲਾਘਾਯੋਗ ਯਤਨ ਕੀਤੇ ਹਨ। ਉਨ੍ਹਾਂ ਦੇ ਉਪਰਾਲਿਆਂ ਨਾਲ ਅੰਮ੍ਰਿਤਸਰ ਅਤੇ ਪੰਜਾਬ ਦੀ ਪਛਾਣ ਵਿਸ਼ਵ ਪੱਧਰ ’ਤੇ ਹੋਰ ਮਜ਼ਬੂਤ ਹੋਈ ਹੈ।
ਮੁਲਾਕਾਤ ਦੌਰਾਨ ਸ਼ੇਰ-ਏ-ਪੰਜਾਬ ਕਲੱਬ ਵੱਲੋਂ ਕਲੱਬ ਦੇ ਵਿਕਾਸ ਅਤੇ ਅੰਮ੍ਰਿਤਸਰ ਦੇ ਨੌਜਵਾਨਾਂ, ਖਿਡਾਰੀਆਂ ਅਤੇ ਸਮਾਜ ਸੇਵੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਸੰਸਦ ਮੈਂਬਰ ਸ. ਗੁਰਜੀਤ ਸਿੰਘ ਔਜਲਾ ਅੱਗੇ ਕਲੱਬ ਲਈ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੀ ਮੰਗ ਰੱਖੀ ਗਈ। ਸੰਜੀਵ ਅਰੋੜਾ ਨੇ ਕਿਹਾ ਕਿ ਇਹ ਰਕਮ ਕਲੱਬ ਦੇ ਵਿਕਾਸ, ਸਿਹਤ ਅਤੇ ਖੇਡ ਸਹੂਲਤਾਂ ਦੇ ਵਿਸਥਾਰ ਅਤੇ ਨੌਜਵਾਨਾਂ ਦੀ ਭਲਾਈ ਲਈ ਵਰਤੀ ਜਾਵੇਗੀ। ਸੰਸਦ ਮੈਂਬਰ ਔਜਲਾ ਨੇ ਇਸ ਮੰਗ ਨੂੰ ਸਕਾਰਾਤਮਕ ਢੰਗ ਨਾਲ ਸੁਣਦਿਆਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।
ਸੰਜੀਵ ਅਰੋੜਾ ਨੇ ਅੰਮ੍ਰਿਤਸਰ ਦੀ ਸਮੂਹ ਜਨਤਾ ਵੱਲੋਂ ਸ. ਗੁਰਜੀਤ ਸਿੰਘ ਔਜਲਾ ਦਾ ਦਿਲੋਂ ਸਵਾਗਤ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਅਤੇ ਨਿਰੰਤਰ ਲੋਕ ਸੇਵਾ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਯਸ਼ਪਾਲ ਵੋਹਰਾ, ਅਨਿਲ ਸ਼ਰਮਾ, ਸਤੀਸ਼ ਮਹਾਜਨ, ਅਸ਼ਵਨੀ ਸ਼ਰਮਾ, ਰੂਬੀ ਜੀ, ਐਡਵੋਕੇਟ ਸੰਦੀਪ ਸਿੰਘ, ਐਡਵੋਕੇਟ ਹਰਪ੍ਰਤਾਪ ਸਿੰਘ, ਸੰਯਮ ਜੀ, ਐਡਵੋਕੇਟ ਨੇਗੀ ਜੀ, ਵਿਪਨ ਚੌਹਾਨ, ਰਵੀ ਕਪੂਰ, ਗੁਰਿੰਦਰ ਗੈਰੀ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਨਾਗਰਿਕ ਅਤੇ ਕਲੱਬ ਮੈਂਬਰ ਹਾਜ਼ਰ ਸਨ।
















