ਬਲ ਕਲਾ ਇੰਡਸਟਰੀਅਲ ਏਰੀਏ ਵਿੱਚ ਜੰਗੀ ਪੱਧਰ ਤੇ ਵਿਕਾਸ ਕਾਰਜ ਹੋਣਗੇ – ਕਪਿਲ ਚੱਡਾ
ਅੰਮ੍ਰਿਤਸਰ, 10 ਜੂਨ (ਕੇ. ਐਲ. ਜੀਤ ਵਾਲੀਆ) – ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਪਾਰੀਆਂ ਅਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਦਰਵਾਜ਼ੇ ਤੱਕ ਜਾ ਕੇ ਹੱਲ ਕਰਨ ਦੇ ਮਕਸਦ ਨਾਲ ਬਣਾਏ ਗਏ ਪੰਜਾਬ ਟਰੇਡਰ ਕਮਿਸ਼ਨ ਨੇ ਆਪਣੇ ਜ਼ਮੀਨੀ ਉਪਰਾਲਿਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸੇ ਕੜੀ ਤਹਿਤ ਅੱਜ ਬਲ ਕਲਾ ਇੰਡਸਟਰੀਅਲ ਐਸੋਸੀਏਸ਼ਨ ਦੇ ਉਦਯੋਗਪਤੀਆਂ ਨਾਲ ਕਾਨੂੰਨ-ਵਿਵਸਥਾ ਅਤੇ ਹੋਰ ਵਪਾਰਕ ਮੁੱਦਿਆਂ ਸਬੰਧੀ ਇੱਕ ਵਿਸ਼ੇਸ਼ ਬੈਠਕ ਆਯੋਜਿਤ ਕੀਤੀ ਗਈ।
ਇਹ ਬੈਠਕ ਟਰੇਡਰ ਕਮਿਸ਼ਨ ਦੇ ਵਾਈਸ ਚੇਅਰਮੈਨ (ਜ਼ਿਲ੍ਹਾ ਅੰਮ੍ਰਿਤਸਰ) ਅਭਿਸ਼ੇਕ ਬੰਸਲ ਅਤੇ ਅੰਮ੍ਰਿਤਸਰ ਹਲਕਾ ਈਸਟ ਦੇ ਚੇਅਰਮੈਨ ਕਪਿਲ ਚੱਡਾ ਦੀ ਅਗਵਾਈ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੋਸਲਾ, ਜਨਰਲ ਸਕੱਤਰ ਰਾਜਨ ਮਹਿਰਾ ਅਤੇ ਸੀਨੀਅਰ ਵਾਈਸ ਪ੍ਰਧਾਨ ਸੰਜੀਵ ਮਹਾਜਨ ਦੀ ਦੇਖ-ਰੇਖ ਹੇਠ ਹੋਈ। ਬੈਠਕ ਵਿੱਚ ਡੀਐਸਪੀ ਯਾਦਵਿੰਦਰ ਸਿੰਘ ਸਮੇਤ ਪੁਲਿਸ ਅਤੇ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਅਭਿਸ਼ੇਕ ਬੰਸਲ ਨੇ ਕਿਹਾ ਕਿ ਟਰੇਡਰ ਕਮਿਸ਼ਨ ਅੰਮ੍ਰਿਤਸਰ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਪਾਰੀ ਅਤੇ ਉਦਯੋਗਪਤੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।

ਕਪਿਲ ਚੱਡਾ ਨੇ ਕਿਹਾ ਕਿ ਬਲ ਕਲਾ ਇੰਡਸਟਰੀਅਲ ਐਸੋਸੀਏਸ਼ਨ ਖੇਤਰ ਵਿੱਚ ਲੰਬੇ ਸਮੇਂ ਤੋਂ ਲੰਬਿਤ ਵਿਕਾਸ ਕਾਰਜਾਂ ਨੂੰ ਤਰਜੀਹੀ ਆਧਾਰ ’ਤੇ ਕਰਵਾਇਆ ਜਾਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਟਰੇਡਰ ਕਮਿਸ਼ਨ ਵਪਾਰੀਆਂ ਅਤੇ ਉਦਯੋਗਪਤੀਆਂ ਦੇ ਹਰ ਜਾਇਜ਼ ਮੁੱਦੇ ’ਤੇ ਚਟਾਨ ਵਾਂਗ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਬੈਠਕ ਦੌਰਾਨ ਉਦਯੋਗਪਤੀਆਂ ਨੇ ਆਪਣੇ ਖੇਤਰ ਨਾਲ ਸਬੰਧਤ ਵੱਖ-ਵੱਖ ਮੁੱਦੇ ਅਤੇ ਸੁਝਾਅ ਵੀ ਰੱਖੇ, ਜਿਨ੍ਹਾਂ ’ਤੇ ਅਧਿਕਾਰੀਆਂ ਵੱਲੋਂ ਸਕਾਰਾਤਮਕ ਰਵੱਈਆ ਅਪਣਾਉਂਦੇ ਹੋਏ ਜਲਦ ਕਾਰਵਾਈ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਹਰਦੇਵ ਸਿੰਘ (ਮੈਂਬਰ, ਟਰੇਡਰ ਕਮਿਸ਼ਨ ਹਲਕਾ ਅਟਾਰੀ), ਐਸੋਸੀਏਸ਼ਨ ਦੇ ਚੇਅਰਮੈਨ ਜਗਦੀਸ਼ ਅਰੋੜਾ, ਜੁਆਇੰਟ ਸਕੱਤਰ ਅਨੁਜ ਦਿਲਾਵਰੀ, ਵਰਕਿੰਗ ਕਮੇਟੀ ਮੈਂਬਰ ਅਮਨ ਦਿਲਾਵਰੀ, ਨਿਤਿਨ ਖੰਨਾ, ਸੁਮੇਸ਼ ਮਹਿਰਾ, ਸੰਜੀਵ ਅਰੋੜਾ, ਅਸ਼ੋਕ ਕੰਧਾਰੀ, ਸੰਜੀਵ ਕਿੰਦਰੀ, ਮੋਹੀ ਜੀ, ਲਲਿਤ ਅਗਰਵਾਲ ਸਮੇਤ ਵੱਡੀ ਗਿਣਤੀ ਵਿੱਚ ਉਦਯੋਗਪਤੀ ਮੌਜੂਦ ਸਨ।
















