ਵਿਪਨ ਆਨੰਦ ਅਤੇ ਸੰਜੇ ਸਾਗਰ ਗੁਪਤਾ ਦਾ ਵਿਸ਼ੇਸ਼ ਸਨਮਾਨ,
ਰਿੰਕੂ ਨਰੂਲਾ ਨੇ ਸੰਗਠਨ ਮਜ਼ਬੂਤੀ ‘ਤੇ ਦਿੱਤਾ ਜ਼ੋਰ
ਅੰਮ੍ਰਿਤਸਰ, 10 ਜੂਨ (ਕੇ.ਐਲ. ਜੀਤ ਵਾਲੀਆ) – ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਕੇਂਦਰੀ ਵਿਧਾਨ ਸਭਾ ਤੋਂ ਕਾਂਗਰਸ ਦੇ ਸੰਭਾਵਿਤ ਉਮੀਦਵਾਰ ਸੰਜੀਵ ਅਰੋੜਾ ਦੇ ਗ੍ਰਹਿ ਵਿਖੇ ਇੱਕ ਅਹਿਮ ਬੈਠਕ ਦਾ ਆਯੋਜਨ ਕੀਤਾ ਗਿਆ। ਬੈਠਕ ਵਿੱਚ ਵਿਸ਼ੇਸ਼ ਤੌਰ ’ਤੇ ਹਲਕਾ ਦੱਖਣੀ ਦੇ ਸੀਨੀਅਰ ਕਾਂਗਰਸੀ ਆਗੂ ਜਗਦੀਪ ਸਿੰਘ ਰਿੰਕੂ ਨਰੂਲਾ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਵਿਪਨ ਆਨੰਦ ਨੂੰ ਐੱਸ.ਆਈ.ਆਰ. ਕੋਆਰਡੀਨੇਟਰ ਅਤੇ ਸੰਜੇ ਸਾਗਰ ਗੁਪਤਾ ਨੂੰ ਜ਼ਿਲ੍ਹਾ ਕਾਂਗਰਸ ਦਾ ਸੀਨੀਅਰ ਮੀਤ ਪ੍ਰਧਾਨ ਬਣਾਏ ਜਾਣ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਇਹ ਨਿਯੁਕਤੀਆਂ ਪਾਰਟੀ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਲੋਕਤੰਤਰਿਕ ਪ੍ਰਕਿਰਿਆ ਨੂੰ ਵੀ ਮਜ਼ਬੂਤੀ ਪ੍ਰਦਾਨ ਕਰਨਗੀਆਂ।
ਬੈਠਕ ਨੂੰ ਸੰਬੋਧਨ ਕਰਦਿਆਂ ਸੰਜੀਵ ਅਰੋੜਾ ਨੇ ਕਿਹਾ ਕਿ ਐੱਸ.ਆਈ.ਆਰ. ਕੋਆਰਡੀਨੇਟਰ ਦੀ ਨਿਯੁਕਤੀ ਨਾਲ ਸ਼ਹਿਰ ਵਿੱਚ ਵੋਟਰ ਸੂਚੀਆਂ ਨੂੰ ਹੋਰ ਪਾਰਦਰਸ਼ੀ ਅਤੇ ਸਹੀ ਬਣਾਉਣ ਵਿੱਚ ਮਦਦ ਮਿਲੇਗੀ। ਇਸ ਨਾਲ ਜਿੱਥੇ ਗਲਤ ਵੋਟਾਂ ਨੂੰ ਘਟਾਉਣ ਵਿੱਚ ਸਹਿਯੋਗ ਮਿਲੇਗਾ, ਉੱਥੇ ਹੀ ਯੋਗ ਅਤੇ ਅਸਲ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਵਿੱਚ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਤੰਤਰ, ਧਰਮ ਨਿਰਪੱਖਤਾ, ਤਰੱਕੀ ਅਤੇ ਲੋਕ ਹਿਤਾਂ ਦੀ ਰਾਜਨੀਤੀ ਦੀ ਹਿਮਾਇਤੀ ਰਹੀ ਹੈ। ਉਨ੍ਹਾਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਖੇਤਰਾਂ ਵਿੱਚ ਜਾ ਕੇ ਕਾਂਗਰਸ ਪਾਰਟੀ ਦੀਆਂ ਜਨਹਿਤ ਨੀਤੀਆਂ ਅਤੇ ਲੋਕ ਪੱਖੀ ਸੋਚ ਨੂੰ ਘਰ-ਘਰ ਤੱਕ ਪਹੁੰਚਾਉਣ, ਤਾਂ ਜੋ ਵੱਧ ਤੋਂ ਵੱਧ ਲੋਕ ਪਾਰਟੀ ਨਾਲ ਜੁੜ ਸਕਣ। ਇਸ ਮੌਕੇ ਅਨਿਲ ਸ਼ਰਮਾ, ਸਨੀ ਅਰੋੜਾ, ਰੂਬੀ ਭਾਟੀਆ, ਸ਼ੁਭਮ ਕਪੂਰ, ਕੌਸ਼ਲ ਆਨੰਦ, ਹਰਪ੍ਰਤਾਪ ਸਿੰਘ, ਮਹਿੰਦਰਵੀਰ ਸਿੰਘ, ਅਜੇ ਲੁਥਰਾ, ਅਜੇ ਮਹੇਸ਼ਵਰੀ ਸਮੇਤ ਵੱਡੀ ਗਿਣਤੀ ਵਿੱਚ ਸੀਨੀਅਰ ਆਗੂ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ।
















