ਅੰਮ੍ਰਿਤਸਰ, 7 ਜੂਨ (ਫੁੱਲਜੀਤ ਸਿੰਘ ਵਰਪਾਲ)
ਅਕਾਲ ਪੁਰਖ ਕੀ ਫੌਜ ਪੰਥਕ ਤਾਲਮੇਲ ਸੰਗਠਨ ਵੱਲੋਂ 1984 ਦੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਮਾਜ ਸੇਵਕਾਂ ਅਤੇ ਆਮ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਇਸ ਮਨੁੱਖਤਾ ਭਰੇ ਉਪਰਾਲੇ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਐਸ.ਸੀ. ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਅਤੇ ਕੌਂਸਲਰ ਜਸਵਿੰਦਰ ਸਿੰਘ ਸ਼ੇਰਗਿੱਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਨਾਂ ਸਿਰਫ਼ ਖੂਨਦਾਨ ਕਰਨ ਵਾਲੇ ਦਾਨੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ, ਸਗੋਂ ਆਪ ਵੀ ਖੂਨਦਾਨ ਕਰਕੇ ਇੱਕ ਮਿਸਾਲ ਕਾਇਮ ਕੀਤੀ।

ਸ਼ੇਰਗਿੱਲ ਨੇ ਇਸ ਮੌਕੇ ‘ਤੇ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਮਨੁੱਖਤਾ ਸੇਵਾ ਦਾ ਕਾਰਜ ਹੈ, ਜੋ ਕਿਸੇ ਦੀ ਕੀਮਤੀ ਜ਼ਿੰਦਗੀ ਬਚਾਉਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਾਨੂੰ ਸੇਵਾ, ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਅੱਗੇ ਵਧਾਉਣਾ ਚਾਹੀਦਾ ਹੈ।
ਸੰਗਠਨ ਵੱਲੋਂ ਆਯੋਜਿਤ ਇਸ ਕੈਂਪ ਨੂੰ ਸਫਲ ਬਣਾਉਣ ਲਈ ਸਥਾਨਕ ਲੋਕਾਂ ਅਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਨੇ ਵੀ ਪੂਰਾ ਸਹਿਯੋਗ ਦਿੱਤਾ। ਆਯੋਜਕਾਂ ਨੇ ਦੱਸਿਆ ਕਿ ਐਸੇ ਕੈਂਪ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਦੇ ਹਨ ਅਤੇ ਨੌਜਵਾਨਾਂ ਨੂੰ ਸੇਵਾ ਭਾਵਨਾ ਵੱਲ ਪ੍ਰੇਰਿਤ ਕਰਦੇ ਹਨ।
ਇਸ ਮੌਕੇ ਸੰਗਠਨ ਦੇ ਆਗੂਆਂ ਨੇ ਕੌਂਸਲਰ ਸ਼ੇਰਗਿੱਲ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਭਾਗੀਦਾਰੀ ਨਾਲ ਕੈਂਪ ਦਾ ਮਨੋਬਲ ਹੋਰ ਵੀ ਵਧਿਆ ਹੈ।
















