ਰਾਵਣ ਦੇ ਕਿਰਦਾਰ ਵਿੱਚ ਆਸ਼ੂਤੋਸ਼ ਰਾਣਾ ਅਤੇ ਸ਼੍ਰੀ ਰਾਮ ਦੇ ਕਿਰਦਾਰ ਵਿੱਚ ਰਾਹੁਲ ਭੁੱਚਰ ਦੀ ਸ਼ਾਨਦਾਰ ਅਦਾਕਾਰੀ ਨੇ ਖੂਬ ਵਾਹ-ਵਾਹ ਖੱਟੀ
ਅੰਮ੍ਰਿਤਸਰ, 17 ਸਤੰਬਰ:( ਕੇ.ਐਲ. ਜੀਤ ਵਾਲੀਆ)-
ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੀ ਸਰਪ੍ਰਸਤੀ ਹੇਠ ਕਰਵਾਈ ਗਈ ਸ਼ਾਨਦਾਰ ਨਾਟਕੀ ਅਤੇ ਸੰਗੀਤਕ ਪੇਸ਼ਕਾਰੀ ‘ਹਮਾਰੇ ਰਾਮ’ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ ਆਪਣੇ ਦੋ ਰੋਜ਼ਾ ਪ੍ਰਦਰਸ਼ਨ ਦੌਰਾਨ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਦੋਵੇਂ ਦਿਨ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਸ਼ਮੂਲੀਅਤ ਕਰਦਿਆਂ ਪੇਸ਼ਕਾਰੀ ਨੂੰ ਭਰਵਾਂ ਹੁੰਗਾਰਾ ਦਿੱਤਾ।

ਰਾਮਾਇਣ ਦੇ ਅਣਛੋਹੇ ਅਤੇ ਘੱਟ ਜਾਣੇ-ਪਛਾਣੇ ਪੱਖਾਂ ਨੂੰ ਨਾਟਕੀ ਤੇ ਸੰਗੀਤਕ ਰੂਪ ਵਿੱਚ ਪੇਸ਼ ਕਰਦੀ ਇਸ ਪੇਸ਼ਕਾਰੀ ਨੇ ਪ੍ਰਭਾਵਸ਼ਾਲੀ ਕਥਾ, ਸੰਵਾਦ, ਅਦਾਕਾਰੀ ਅਤੇ ਸੰਗੀਤ ਰਾਹੀਂ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਿਆ। ਰਾਵਣ ਦੇ ਕਿਰਦਾਰ ਵਿੱਚ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਦੀ ਦਮਦਾਰ ਸੰਵਾਦ ਅਦਾਇਗੀ ਅਤੇ ਮੰਚ ਮੌਜੂਦਗੀ ਨੇ ਖੂਬ ਤਾੜੀਆਂ ਬਟੋਰੀਆਂ, ਜਦਕਿ ਰਾਹੁਲ ਭੁੱਚਰ ਵੱਲੋਂ ਸ਼੍ਰੀ ਰਾਮ ਦੇ ਕਿਰਦਾਰ ਦੀ ਸੰਵੇਦਨਸ਼ੀਲ ਪੇਸ਼ਕਾਰੀ ਦੀ ਵੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਪ੍ਰਸਿੱਧ ਗਾਇਕਾਂ ਸ਼ੰਕਰ ਮਹਾਦੇਵਨ, ਸੋਨੂੰ ਨਿਗਮ ਅਤੇ ਕੈਲਾਸ਼ ਖੇਰ ਦੀਆਂ ਸੁਰੀਲੀਆਂ ਅਤੇ ਰੂਹਾਨੀ ਸੰਗੀਤਕ ਪੇਸ਼ਕਾਰੀਆਂ ਨੇ ਨਾਟਕ ਦੇ ਪ੍ਰਭਾਵ ਨੂੰ ਹੋਰ ਵੀ ਵਧਾਇਆ।
ਸਮਾਪਤੀ ਮੌਕੇ ਸੂਬੇ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਸੂਬੇ ਵਿੱਚ ‘ਹਮਾਰੇ ਰਾਮ’ ਦੇ ਕੁੱਲ 41 ਸ਼ੋਅ ਕਰਵਾਏ ਜਾ ਰਹੇ ਹਨ।
ਇਸ ਮੌਕੇ ਸਨਾਤਨ ਸੇਵਾ ਸੰਮਤੀ ਦੇ ਮਾਝਾ ਜ਼ੋਨ ਦੇ ਇੰਚਾਰਜ ਸ੍ਰੀ ਪ੍ਰਣਨ ਧਵਨ, ਚੇਅਰਮੈਨ ਜਸਕਰਨ ਸਿੰਘ ਬੰਦੇਸ਼ਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਸੰਧੂ, ਸ੍ਰੀਮਤੀ ਸੁਹਿੰਦਰ ਕੌਰ, ਐਡਵੋਕੇਟ ਅਰਵਿੰਦਰ ਸਿੰਘ ਭੱਟੀ, ਆਮ ਆਦਮੀ ਪਾਰਟੀ ਲੀਗਲ ਵਿੰਗ ਮਾਝਾ ਜੋਨ ਦੇ ਚੇਅਰਮੈਨ ਅਤੇ ਬਲਾਕ ਵੇਰਕਾ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿਜਰ , ਪੰਜਾਬ ਟਰੇਡ ਕਮਿਸ਼ਨ ਹਲਕਾ ਪੂਰਵੀ ਦੇ ਚੇਅਰਮੈਨ ਕਪਿਲ ਚੱਡਾ,ਯੁਵਰਾਜ ਸਿੰਘ ਬੱਲ, ਮੀਡੀਆ ਇੰਚਾਰਜ ਸਤਨਾਮ ਸਿੰਘ ਮਠਾਰੂ ਤੋਂ ਇਲਾਵਾ ਐੱਸ.ਡੀ.ਐੱਮ. ਅੰਮ੍ਰਿਤਸਰ-1 ਸ੍ਰੀਮਤੀ ਅਲਕਾ ਕਾਲੀਆ, ਐੱਸ.ਡੀ.ਐੱਮ. ਮਜੀਠਾ ਸ੍ਰੀ ਰਜਨੀਸ਼ ਅਰੋੜਾ ਸਮੇਤ ਹੋਰ ਅਧਿਕਾਰੀ ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।
















