ਅੰਮ੍ਰਿਤਸਰ, 17 ਸਤੰਬਰ (ਕੇ. ਐਲ. ਜੀਤ ਵਾਲੀਆ)- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਭਾਜਪਾ ਮੁੱਖ ਦਫ਼ਤਰ ਦੇ ਇੰਚਾਰਜ ਤਰੁਣ ਚੁੱਘ ਨੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਸ਼ੁਭ ਅਵਸਰ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਦੀ ਚੜ੍ਹਦੀ ਕਲਾ, ਦੇਹ-ਸਲਾਮਤੀ, ਤੰਦਰੁਸਤੀ ਅਤੇ ਲੰਮੀ ਉਮਰ ਲਈ ਅਰਦਾਸ ਕੀਤੀ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਕੇ ਤਰੁਣ ਚੁੱਘ ਨੇ ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਚੰਗੀ ਸਿਹਤ ਅਤੇ ਲੰਮੀ ਉਮਰ ਲਈ ਵੀ ਅਰਦਾਸ ਕਰਦਿਆਂ ਕਿਹਾ ਕਿ ਉਹ ਇਸੇ ਤਰ੍ਹਾਂ ਸਮਰਪਿਤ ਭਾਵਨਾ ਨਾਲ ਦੇਸ਼ ਦੀ ਸੇਵਾ ਕਰਦੇ ਰਹਿਣ।
ਇਸ ਉਪਰੰਤ ਤਰੁਣ ਚੁੱਘ ਨੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਜੋੜਾ ਘਰ ਵਿਖੇ ਪਹੁੰਚ ਕੇ ਸੰਗਤਾਂ ਦੇ ਜੋੜੇ ਸਾਫ਼ ਕਰਨ ਦੀ ਨਿਮਰ ਸੇਵਾ ਕੀਤੀ। ਉਨ੍ਹਾਂ ਨੇ ਸੰਗਤ ਨਾਲ ਮਿਲ ਕੇ ਗੁਰੂ ਘਰ ਦੀ ਸੇਵਾ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਾਥੀਆਂ ਸਮੇਤ ਗੁਰੂ ਕੇ ਲੰਗਰ ਵਿੱਚ ਜੂਠੇ ਭਾਂਡੇ ਸਾਫ਼ ਕਰਨ ਦੀ ਸੇਵਾ ਵੀ ਨਿਭਾਈ।
ਇਸ ਮੌਕੇ ਤਰੁਣ ਚੁੱਘ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਨੁੱਖਤਾ ਲਈ ਸ਼ਰਧਾ, ਸੇਵਾ, ਨਿਮਰਤਾ ਅਤੇ ਭਾਈਚਾਰੇ ਦਾ ਮਹਾਨ ਕੇਂਦਰ ਹੈ। ਗੁਰੂ ਘਰ ਵਿੱਚ ਸੇਵਾ ਕਰਨ ਨਾਲ ਮਨ ਨੂੰ ਸਕੂਨ ਅਤੇ ਆਤਮਿਕ ਖੁਸ਼ੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਪਵਿੱਤਰ ਧਰਤੀ ’ਤੇ ਨਤਮਸਤਕ ਹੋਣਾ ਉਨ੍ਹਾਂ ਲਈ ਸੁਭਾਗ ਦੀ ਗੱਲ ਹੈ।
ਉਨ੍ਹਾਂ ਨੇ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸਦਾ ਚੜ੍ਹਦੀ ਕਲਾ, ਤੰਦਰੁਸਤੀ ਅਤੇ ਲੰਮੀ ਉਮਰ ਬਖ਼ਸ਼ਣ ਅਤੇ ਉਹ ਦੇਸ਼ ਦੀ ਸੇਵਾ ਲਈ ਇਸੇ ਤਰ੍ਹਾਂ ਸਮਰਪਿਤ ਰਹਿਣ।
















