ਐਡਵੋਕੇਟ ਗੁਰਪ੍ਰੀਤ ਪਨੇਸਰ ਨੇ ਲਗਾਤਾਰ ਦੂਜੀ ਵਾਰ ਪ੍ਰਧਾਨ ਬਣ ਕੇ ਵਕੀਲ ਭਾਈਚਾਰੇ ਦਾ ਜਿੱਤਿਆ ਭਰੋਸਾ
ਅੰਮ੍ਰਿਤਸਰ, 14 ਸਤੰਬਰ (ਕੇ. ਐਲ. ਜੀਤ ਵਾਲੀਆ)- ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਪਨੇਸਰ ਨੇ ਲਗਾਤਾਰ ਦੂਜੀ ਵਾਰ ਚੋਣ ਜਿੱਤਣ ਤੋਂ ਬਾਅਦ ਅੱਜ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਦੇ ਨਾਲ ਬਾਰ ਐਸੋਸੀਏਸ਼ਨ ਦੀ ਨਵੀਂ ਟੀਮ ਦੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਮੈਂਬਰਾਂ ਨੇ ਵੀ ਆਪਣੇ-ਆਪਣੇ ਅਹੁਦਿਆਂ ਦਾ ਕਾਰਜਭਾਰ ਸੰਭਾਲਿਆ। ਇਸ ਮੌਕੇ ਵਕੀਲ ਭਾਈਚਾਰੇ ਵੱਲੋਂ ਨਵੀਂ ਟੀਮ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਨਵੇਂ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਅਹੁਦਾ ਸੰਭਾਲਣ ਉਪਰੰਤ ਐਡਵੋਕੇਟ ਗੁਰਪ੍ਰੀਤ ਪਨੇਸਰ ਨੇ ਕਿਹਾ ਕਿ ਵਕੀਲਾਂ ਵੱਲੋਂ ਲਗਾਤਾਰ ਦੂਜੀ ਵਾਰ ਉਨ੍ਹਾਂ ’ਤੇ ਜਤਾਇਆ ਗਿਆ ਭਰੋਸਾ ਉਨ੍ਹਾਂ ਲਈ ਵੱਡਾ ਸਨਮਾਨ ਹੈ, ਪਰ ਇਸ ਦੇ ਨਾਲ ਹੀ ਇਹ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਕਿਹਾ ਕਿ ਉਹ ਵਕੀਲ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ, ਬਾਰ ਦੀਆਂ ਸੁਵਿਧਾਵਾਂ ਵਿੱਚ ਸੁਧਾਰ ਲਿਆਉਣ ਅਤੇ ਐਸੋਸੀਏਸ਼ਨ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਲਈ ਪੂਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਆਪਸੀ ਸਹਿਯੋਗ ਨਾਲ ਕੰਮ ਕਰਨਗੇ।
ਉਨ੍ਹਾਂ ਕਿਹਾ ਕਿ ਬਾਰ ਐਸੋਸੀਏਸ਼ਨ ਸਿਰਫ਼ ਵਕੀਲਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਹੀ ਨਹੀਂ, ਸਗੋਂ ਨਿਆਂ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਲਈ ਵਕੀਲ ਭਾਈਚਾਰੇ ਦੀਆਂ ਜਾਇਜ਼ ਮੰਗਾਂ ਅਤੇ ਸਮੱਸਿਆਵਾਂ ਨੂੰ ਸਬੰਧਤ ਪੱਧਰ ’ਤੇ ਉਠਾਉਣ ਦੇ ਨਾਲ-ਨਾਲ ਬਾਰ ਦੀ ਮਰਿਆਦਾ ਅਤੇ ਏਕਤਾ ਨੂੰ ਕਾਇਮ ਰੱਖਣਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਰਹੇਗੀ।
ਇਸ ਮੌਕੇ ਬਾਰ ਐਸੋਸੀਏਸ਼ਨ ਦੀ ਨਵੀਂ ਟੀਮ ਦਾ ਵੀ ਐਲਾਨ ਕੀਤਾ ਗਿਆ। ਐਡਵੋਕੇਟ ਸਨਪ੍ਰੀਤ ਸਿੰਘ ਮਾਨ ਨੇ ਸੈਕਟਰੀ, ਐਡਵੋਕੇਟ ਅਮਰ ਪਾਲ ਸਿੰਘ ਮੋਮੀ ਅਤੇ ਐਡਵੋਕੇਟ ਡੀ.ਕੇ. ਬੇਦੀ ਨੇ ਵਾਈਸ ਪ੍ਰਧਾਨ, ਐਡਵੋਕੇਟ ਸੌਰਵ ਸ਼ਰਮਾ ਨੇ ਜੁਆਇੰਟ ਸੈਕਟਰੀ, ਐਡਵੋਕੇਟ ਸੁਨੈਨਾ ਸੋਨੀ ਨੇ ਲਾਇਬ੍ਰੇਰੀਅਨ ਅਤੇ ਐਡਵੋਕੇਟ ਕਪਿਲ ਸ਼ਰਮਾ ਨੇ ਖ਼ਜ਼ਾਨਚੀ ਵਜੋਂ ਅਹੁਦਾ ਸੰਭਾਲਿਆ।
ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਵਜੋਂ ਐਡਵੋਕੇਟ ਸੁਖਚੈਨ ਸਿੰਘ, ਅਮਿਤ ਅਰੋੜਾ, ਨਿਤੀਸ਼ ਜੈਨ, ਆਕਾਸ਼ ਗੈਦ, ਅਭਿਨਵ ਮਿੱਤਲ, ਮਨਪ੍ਰੀਤ ਸਿੰਘ, ਮਧੂ ਸੂਦਨ, ਪਲਕ ਅਰੋੜਾ ਅਤੇ ਸੁਖਮਨ ਢਿੱਲੋਂ ਨੇ ਵੀ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ।
ਇਸੇ ਤਰ੍ਹਾਂ ਸੀਨੀਅਰ ਕਾਰਜਕਾਰਨੀ ਮੈਂਬਰਾਂ ਵਜੋਂ ਐਡਵੋਕੇਟ ਅਵਤਾਰ ਸਿੰਘ, ਐਡਵੋਕੇਟ ਗਗਨ ਭਾਟੀਆ, ਐਡਵੋਕੇਟ ਗੀਤਾਂਜਲੀ ਅਤੇ ਐਡਵੋਕੇਟ ਹਰਪ੍ਰੀਤ ਕੌਰ ਗਰੋਵਰ ਨੇ ਵੀ ਅੱਜ ਆਪਣੇ ਅਹੁਦੇ ਸੰਭਾਲੇ।
ਨਵੀਂ ਟੀਮ ਨੇ ਭਰੋਸਾ ਦਿਵਾਇਆ ਕਿ ਸਾਰੇ ਮੈਂਬਰ ਆਪਸੀ ਤਾਲਮੇਲ ਅਤੇ ਇਕਜੁੱਟਤਾ ਨਾਲ ਕੰਮ ਕਰਦਿਆਂ ਵਕੀਲ ਭਾਈਚਾਰੇ ਦੇ ਹਿੱਤਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਕਿਹਾ ਕਿ ਬਾਰ ਐਸੋਸੀਏਸ਼ਨ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਵਕੀਲਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਾਂਝੇ ਯਤਨ ਕੀਤੇ ਜਾਣਗੇ।
















