ਮਾਹਿਰ ਡਾਕਟਰ ਕਰਨਗੇ ਮਰੀਜ਼ਾਂ ਦੀ ਜਾਂਚ, ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਮਿਲਣਗੀਆਂ
ਅੰਮ੍ਰਿਤਸਰ, 28 ਅਗਸਤ (ਕੇ.ਐਲ. ਜੀਤ ਵਾਲੀਆ)- ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ ਦੀ ਸ਼ਾਖਾ ਕ੍ਰਿਪਾਲ ਆਸ਼ਰਮ, ਨੇੜੇ ਸੇਂਟ ਜੂਡਜ਼ ਸਕੂਲ, ਫਤਿਹਗੜ੍ਹ ਚੂੜੀਆਂ ਰੋਡ, ਰਤਨ ਸਿੰਘ ਚੌਕ, ਅੰਮ੍ਰਿਤਸਰ ਵਿਖੇ 30 ਅਗਸਤ, ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1:30 ਵਜੇ ਤੱਕ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸ਼੍ਰੀ ਹਨੂਮਾਨ ਸੇਵਾ ਪਰਿਵਾਰ ਟਰੱਸਟ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
ਕੈਂਪ ਵਿੱਚ ਛਾਤੀ ਅਤੇ ਫੇਫੜਿਆਂ ਦੇ ਰੋਗਾਂ ਦੇ ਮਾਹਿਰ ਡਾ. ਰਾਜਬੀਰ ਸਿੰਘ ਅਤੇ ਨਿਊਰੋ-ਸਾਈਕਿਆਟ੍ਰਿਕ ਮਾਹਿਰ ਡਾ. ਗੁਰਲੀਨ ਕੌਰ ਮਰੀਜ਼ਾਂ ਦੀ ਜਾਂਚ ਕਰਕੇ ਲੋੜੀਂਦੀ ਡਾਕਟਰੀ ਸਲਾਹ ਦੇਣਗੇ। ਡਾ. ਗੁਰਲੀਨ ਕੌਰ ਵੱਲੋਂ ਡਿਪ੍ਰੈਸ਼ਨ, ਸਿਰਦਰਦ/ਮਾਈਗ੍ਰੇਨ, ਨਸ਼ੇ ਦੀ ਲਤ, ਚਿੰਤਾ ਅਤੇ ਨੀਂਦ ਨਾ ਆਉਣ ਸਮੇਤ ਹੋਰ ਮਾਨਸਿਕ ਤੇ ਨਿਊਰੋ-ਸਾਈਕਿਆਟ੍ਰਿਕ ਸਮੱਸਿਆਵਾਂ ਦੀ ਜਾਂਚ ਕੀਤੀ ਜਾਵੇਗੀ।
ਕੈਂਪ ਦੌਰਾਨ ਬੀ.ਪੀ., ਬਲੱਡ ਸ਼ੂਗਰ, ਥਾਇਰਾਇਡ, ਵਜ਼ਨ ਅਤੇ ਸਪਾਇਰੋਮੈਟਰੀ ਸਮੇਤ ਵੱਖ-ਵੱਖ ਟੈਸਟ ਮੁਫ਼ਤ ਕੀਤੇ ਜਾਣਗੇ। ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਜਾਣਗੀਆਂ।
ਕ੍ਰਿਪਾਲ ਆਸ਼ਰਮ ਦੇ ਸਕੱਤਰ ਦੀਪਕ ਸੇਠ ਨੇ ਦੱਸਿਆ ਕਿ ਕੈਂਪ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪਰਮ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਦੇ ਮਾਰਗਦਰਸ਼ਨ ਹੇਠ ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ ਵੱਲੋਂ ਮਨੁੱਖਤਾ ਦੀ ਸੇਵਾ ਲਈ ਸਮੇਂ-ਸਮੇਂ ’ਤੇ ਮੈਡੀਕਲ ਕੈਂਪ, ਖੂਨਦਾਨ ਕੈਂਪ, ਮੋਤੀਆਬਿੰਦ ਆਪ੍ਰੇਸ਼ਨ ਕੈਂਪ ਅਤੇ ਹੋਰ ਲੋਕ ਭਲਾਈ ਦੇ ਸੇਵਾ ਕਾਰਜ ਕੀਤੇ ਜਾਂਦੇ ਹਨ।
ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਫ਼ਤ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ।
















