ਬਿਆਸ, 7 ਅਗਸਤ (ਅੰਮ੍ਰਿਤਪਾਲ ਸਿੰਘ ਸ਼ਾਹਪੁਰ): ਕਸਬਾ ਰਈਆ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੇ ਰਫ਼ਤਾਰ ਫੜ ਲਈ ਹੈ। ਇਨ੍ਹਾਂ ਵਿਕਾਸ ਕਾਰਜਾਂ ਦੇ ਚੱਲਦਿਆਂ ਰਾਹਗੀਰਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਸੁਰੱਖਿਆ ਨੂੰ ਲੈ ਕੇ ਮਾਰਕੀਟ ਕਮੇਟੀ ਰਈਆ ਦੇ ਚੇਅਰਮੈਨ ਅਤੇ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।
ਚੇਅਰਮੈਨ ਕੰਗ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਰਈਆ ਦੀਆਂ ਸੜਕਾਂ ’ਤੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਾਫ਼ੀ ਮੁਸ਼ਕਲ ਆ ਰਹੀ ਸੀ। ਇਸ ਸਮੱਸਿਆ ਦੇ ਹੱਲ ਲਈ ਰਈਆ ਰੋਡ ਤੋਂ ਫੇਰੂਮਾਨ ਰੋਡ ਤੱਕ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਹੈ। ਸੀਵਰੇਜ ਪਾਉਣ ਲਈ ਸੜਕ ’ਤੇ ਡੂੰਘੀ ਖੁਦਾਈ ਕੀਤੀ ਗਈ ਹੈ, ਜਿਸ ਕਾਰਨ ਰਾਹਗੀਰਾਂ ਲਈ ਹਾਦਸੇ ਦਾ ਖ਼ਤਰਾ ਬਣ ਸਕਦਾ ਹੈ।
ਉਨ੍ਹਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਕੰਮ ਵਾਲੇ ਸਥਾਨ ਤੋਂ ਲੰਘਦੇ ਸਮੇਂ ਆਪਣੇ ਵਾਹਨ, ਖਾਸ ਕਰਕੇ ਮੋਟਰਸਾਈਕਲ ਅਤੇ ਹੋਰ ਦੋਪਹੀਆ ਵਾਹਨ, ਬਹੁਤ ਧਿਆਨ ਨਾਲ ਚਲਾਉਣ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਰਈਆ ਵਿੱਚ ਅੰਮ੍ਰਿਤਸਰ-ਜਲੰਧਰ ਹਾਈਵੇਅ ਵੀ ਲੰਘਦਾ ਹੈ ਅਤੇ ਪੁਲ ਦੀ ਉਸਾਰੀ ਚੱਲ ਰਹੀ ਹੋਣ ਕਾਰਨ ਟ੍ਰੈਫਿਕ ਸਬੰਧੀ ਵੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸਾਰੀ ਅਧੀਨ ਸਥਾਨਾਂ ’ਤੇ ਰਾਹਗੀਰਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ।
ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਸਥਾਨਕ ਲੋਕਾਂ ਨੂੰ ਵਿਕਾਸ ਕਾਰਜਾਂ ਵਿੱਚ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਕਸਬਾ ਰਈਆ ਦੇ ਵਿਕਾਸ ਵਿੱਚ ਕਿਸੇ ਕਿਸਮ ਦੀ ਢਿੱਲ ਨਹੀਂ ਵਰਤੀ ਜਾਵੇਗੀ। ਰਈਆ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
















