ਅੰਮ੍ਰਿਤਸਰ, 8 ਅਗਸਤ (ਆਰ.ਕੇ. ਸੋਨੀ)- ਅੰਮ੍ਰਿਤਸਰ ਦੇ ਇੱਕ ਪ੍ਰਸਿੱਧ ਹੋਟਲ ਵਿੱਚ ਹਾਊਸ ਆਫ ਡੋਰੀ (ਏ ਯੂਨਿਟ ਆਫ ਡਰੈਸ ਮੀ) ਵੱਲੋਂ ‘ਹਰਿਆਲੀ ਸਾਵਨ 2026’ ਪ੍ਰੋਗਰਾਮ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਸ਼ਿਰਕਤ ਕਰਕੇ ਤੀਜ ਦੇ ਤਿਉਹਾਰ ਨੂੰ ਰਵਾਇਤੀ ਅਤੇ ਸੱਭਿਆਚਾਰਕ ਰੰਗਾਂ ਨਾਲ ਮਨਾਇਆ।
ਇਸ ਮੌਕੇ ਮਹਿਲਾਵਾਂ ਨੇ ਝੂਲੇ ਝੂਲ ਕੇ, ਗੀਤ-ਸੰਗੀਤ ਅਤੇ ਸਾਵਣ ਨਾਲ ਸੰਬੰਧਿਤ ਰਵਾਇਤੀ ਗਿੱਧੇ-ਭੰਗੜੇ ਰਾਹੀਂ ਤੀਜ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਸਮਾਗਮ ਦੌਰਾਨ ਪੂਰਾ ਮਾਹੌਲ ਪੰਜਾਬੀ ਸੱਭਿਆਚਾਰ, ਸਾਵਣ ਦੀਆਂ ਰੌਣਕਾਂ ਅਤੇ ਤੀਜ ਦੇ ਉਤਸ਼ਾਹ ਨਾਲ ਸਰੋਬਰ ਰਿਹਾ।
ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਨੀਰੂ ਸਬਰਵਾਲ, ਡਾ. ਸ਼ਰਿਆ ਸਬਰਵਾਲ ਅਤੇ ਰਿਆ ਸਬਰਵਾਲ ਨੇ ਕਿਹਾ ਕਿ ਅੱਜ ਦੀ ਨਵੀਂ ਪੀੜ੍ਹੀ ਹੌਲੀ-ਹੌਲੀ ਆਪਣੇ ਅਮੀਰ ਵਿਰਸੇ ਅਤੇ ਰਵਾਇਤੀ ਤਿਉਹਾਰਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤੀਜ ਵਰਗੇ ਤਿਉਹਾਰ ਸਾਡੀ ਸੱਭਿਆਚਾਰਕ ਪਹਿਚਾਣ ਦਾ ਅਹਿਮ ਹਿੱਸਾ ਹਨ ਅਤੇ ਇਨ੍ਹਾਂ ਨੂੰ ਸੰਭਾਲਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ‘ਹਰਿਆਲੀ ਸਾਵਨ 2026’ ਦਾ ਮੁੱਖ ਮਕਸਦ ਲੋਕਾਂ ਨੂੰ ਆਪਣੇ ਵਿਰਸੇ, ਸੱਭਿਆਚਾਰ ਅਤੇ ਰਵਾਇਤੀ ਤਿਉਹਾਰਾਂ ਨਾਲ ਮੁੜ ਜੋੜਨਾ ਹੈ। ਸਮਾਗਮ ਦੌਰਾਨ ਮਹਿਲਾਵਾਂ ਨੇ ਰੰਗ-ਬਿਰੰਗੇ ਪੰਜਾਬੀ ਰਵਾਇਤੀ ਪਹਿਰਾਵਿਆਂ ਵਿੱਚ ਰੈਂਪ ਵਾਕ ਕਰਕੇ ਆਪਣੀ ਕਲਾ ਅਤੇ ਆਤਮਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ।
ਪ੍ਰੋਗਰਾਮ ਵਿੱਚ ਬੈਸਟ ਮੇਕਅਪ, ਬੈਸਟ ਡਰੈਸਿੰਗ ਅਤੇ ਹੋਰ ਕਈ ਮੁਕਾਬਲਿਆਂ ਦੇ ਜੇਤੂਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਹਾਜ਼ਰ ਮਹਿਲਾਵਾਂ ਨੇ ਅਜਿਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
















