ਸਵਰਨਕਾਰ ਵੈਲਫੇਅਰ ਬੋਰਡ ਦੇ ਚੇਅਰਮੈਨ ਚੰਦਨ ਲੂਥਰਾ ਦੀ ਅਗਵਾਈ ਹੇਠ ਹੋਈ ਪਹਿਲੀ ਮੀਟਿੰਗ ਵਿੱਚ ਸੁਰੱਖਿਆ ਅਤੇ ਕਾਰੋਬਾਰ ਨਾਲ ਜੁੜੇ ਮੁੱਦਿਆਂ ‘ਤੇ ਹੋਈ ਚਰਚਾ
ਬਿਆਸ, 1 ਅਗਸਤ( ਸੰਦੀਪ ਸਿੰਘ ਰਾਜੂ ,ਫੁਲਜੀਤ ਸਿੰਘ ਵਰਪਾਲ)-
ਹਲਕਾ ਬਾਬਾ ਬਕਾਲਾ ਸਾਹਿਬ ਵਿਖੇ ਸਵਰਨਕਾਰ ਵੈਲਫੇਅਰ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਚੰਦਨ ਲੂਥਰਾ ਦੀ ਅਗਵਾਈ ਹੇਠ ਸਵਰਨਕਾਰ ਭਾਈਚਾਰੇ ਦੀ ਪਹਿਲੀ ਅਹਿਮ ਮੀਟਿੰਗ ਕਰਵਾਈ ਗਈ। ਮੀਟਿੰਗ ਵਿੱਚ ਹਲਕੇ ਦੇ ਵੱਡੀ ਗਿਣਤੀ ਵਿੱਚ ਸਵਰਨਕਾਰ ਵਪਾਰੀਆਂ ਨੇ ਸ਼ਮੂਲੀਅਤ ਕਰਕੇ ਆਪਣੇ ਕਾਰੋਬਾਰ ਅਤੇ ਸੁਰੱਖਿਆ ਨਾਲ ਸਬੰਧਤ ਮੁੱਦੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੇ।
ਇਸ ਮੌਕੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ, ਡੀਐਸਪੀ ਬਾਬਾ ਬਕਾਲਾ ਸੁਖਪਾਲ ਸਿੰਘ, ਐਸਐਚਓ ਬਿਆਸ ਇੰਸਪੈਕਟਰ ਗੁਰਵਿੰਦਰ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਦੌਰਾਨ ਸਵਰਨਕਾਰ ਭਾਈਚਾਰੇ ਦੀ ਸੁਰੱਖਿਆ, ਪੁਲਿਸ ਨਾਲ ਤਾਲਮੇਲ ਅਤੇ ਵਪਾਰਕ ਮੁਸ਼ਕਲਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਸਵਰਨਕਾਰ ਭਾਈਚਾਰੇ ਦੇ ਨੁਮਾਇੰਦਿਆਂ ਨੇ ਆਪਣੇ ਖੇਤਰ ਨਾਲ ਸਬੰਧਤ ਮੁਸ਼ਕਿਲਾਂ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਜਾਣੂ ਕਰਵਾਇਆ।
ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਸਵਰਨਕਾਰ ਭਾਈਚਾਰੇ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਕਾਰੋਬਾਰ ਲਈ ਅਨੁਕੂਲ ਮਾਹੌਲ ਯਕੀਨੀ ਬਣਾਉਣਾ ਸਰਕਾਰ ਦੀ ਪ੍ਰਾਥਮਿਕਤਾ ਹੈ। ਇਸ ਮੌਕੇ ਉਨ੍ਹਾਂ ਵੱਲੋਂ ਚੇਅਰਮੈਨ ਚੰਦਨ ਲੂਥਰਾ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ‘ਤੇ ਸਨਮਾਨਿਤ ਵੀ ਕੀਤਾ ਗਿਆ।
ਸਵਰਨਕਾਰ ਵੈਲਫੇਅਰ ਬੋਰਡ ਦੇ ਚੇਅਰਮੈਨ ਚੰਦਨ ਲੂਥਰਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸਵਰਨਕਾਰ ਭਾਈਚਾਰੇ ਦੀ ਹਰ ਜਾਇਜ਼ ਸਮੱਸਿਆ ਨੂੰ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾ ਕੇ ਉਸ ਦਾ ਜਲਦ ਹੱਲ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ।
ਮੀਟਿੰਗ ਦੇ ਅੰਤ ਵਿੱਚ ਸਵਰਨਕਾਰ ਭਾਈਚਾਰੇ ਦੇ ਨੁਮਾਇੰਦਿਆਂ ਨੇ ਪ੍ਰਸ਼ਾਸਨ ਵੱਲੋਂ ਦਿੱਤੇ ਭਰੋਸੇ ‘ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਅਜਿਹੀਆਂ ਮੀਟਿੰਗਾਂ ਭਵਿੱਖ ਵਿੱਚ ਵੀ ਨਿਯਮਤ ਤੌਰ ‘ਤੇ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਹੋ ਸਕੇ। ਇਸ ਮੌਕੇ ਸਵਰਨਕਾਰ ਭਾਈਚਾਰੇ ਵੱਲੋਂ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੁਰਿੰਦਰ ਕੁਮਾਰ ਲੂਥਰਾ, ਰਜਿੰਦਰ ਕੁਮਾਰ ਲੂਥਰਾ, ਅਮਿਤ ਲੂਥਰਾ, ਦੀਪਕ ਵਰਮਾ, ਸੰਦੀਪ ਵਰਮਾ, ਗੁਰਦੇਵ ਸਦਿਓੜਾ, ਰਵਿੰਦਰ ਸਿੰਘ ਸਦਿਓੜਾ, ਇਕਬਾਲ ਸਿੰਘ ਸਦਿਓੜਾ, ਦਵਿੰਦਰ ਸਿੰਘ ਸਦਿਓੜਾ, ਅਮਨ ਸੂਰੀਆ, ਸੰਦੀਪ ਕੁਮਾਰ, ਸੋਨੂ ਧੁੰਨਾ, ਜਗਜੀਤ ਸਿੰਘ ਭੋਲਾ, ਹਰਪ੍ਰੀਤ ਸਿੰਘ ਬਿੱਟਾ, ਰਾਕੇਸ਼ ਕੁਮਾਰ, ਅਸ਼ਵਨੀ, ਜਸਵੰਤ ਸਿੰਘ ਲਾਡਾ, ਰਜਵੰਤ ਸਿੰਘ ਸੋਨੀ, ਜਸਵਿੰਦਰ ਸਿੰਘ ਸਾਬ, ਹਰਦੀਪ ਸਿੰਘ, ਸ਼ਿਵਪਾਲ ਸਿੰਘ, ਅਨਮੋਲਪ੍ਰੀਤ ਸਿੰਘ, ਨਿਰੰਜਨ ਸਿੰਘ, ਆਕਾਸ਼ਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਵਰਨਕਾਰ ਭਾਈਚਾਰੇ ਦੇ ਮੈਂਬਰ ਹਾਜ਼ਰ ਸਨ।
















